ਨਵੀਂ ਦਿੱਲੀ, 21 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਯਮੁਨਾ ਸਪੋਟਰਸ ਕੰਪਲੈਕਸ ਵਿਖੇ ਉਪ-ਰਾਜ ਪਾਲ ਤਰਨਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਹਜ਼ਾਰਾਂ ਲੋਕਾਂ ਨੇ ਯੋਗ ਕੀਤਾ। ਇਸ ਦੇ ਨਾਲ ਹੀ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਰਾਜ ਮੰਤਰੀ ਹਰਸ਼ ਮਲਹੌਤਰਾ, ਸਾਬਕਾ ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਡੀ.ਡੀ.ਏ. ਦੇ ਉਪ ਪ੍ਰਧਾਨ ਡਾ. ਐਨ. ਸਰਵਨ ਕੁਮਾਰ ਅਤੇ ਹੋਰ ਲੋਕ ਵੀ ਯੋਗ ਕਰ ਰਹੇ ਸਨ। ਲੋਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਬੋਧਨ ਵੀ ਸੁਣ ਰਹੇ ਸਨ। ਦਿੱਲੀ ਦੇ 29 ਪ੍ਰਮੁੱਖ ਸਥਾਨਾਂ ’ਤੇ ਮੇਗਾ ਈਵੈਂਟ ਹੋਏ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅਸੋਲਾ ਭਾਟੀ ਦੇ ਕੋਲ ਯੋਗ ਕੀਤਾ। ਡੀ.ਡੀ.ਏ. ਵਲੋਂ 18 ਸਪੋਰਟਸ ਕੰਪਲੈਕਸ ਅਤੇ 11 ਵੱਡੇ ਪਾਰਕਾਂ ਵਿਚ ਯੋਗ ਸਥਾਨ ਬਣਾਏ ਗਏ ਸਨ। ਦਿੱਲੀ ਸਰਕਾਰ ਦੇ ਸਾਰੇ ਕੈਬਨਿਟ ਮੰਤਰੀਆਂ ਨੇ ਆਪੋ-ਆਪਣੇ ਖੇਤਰਾਂ ਦੇ ਪਾਰਕ ਤੇ ਖੇਡ ਮੈਦਾਨਾਂ ਵਿਖੇ ਯੋਗ ਕੀਤਾ। ਮੁੱਖ ਮੰਤਰੀ ਰੇਖਾ ਗੁਪਤਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਤੇ ਅਗਵਾਈ ਕਾਰਨ ਸੰਯੁਕਤ ਰਾਸ਼ਟਰ ਮਹਾਂਸਭਾ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿਚ ਮਾਨਤਾ ਦਿੱਤੀ ਸੀ ਅਤੇ ਅੱਜ ਦੁਨੀਆ ਦੇ ਅਨੇਕਾਂ ਦੇਸ਼ਾਂ ਵਿਚ ਲੋਕ ਯੋਗ ਦੇ ਰਾਹੀਂ ਭਾਰਤ ਦੀ ਪ੍ਰੰਪਰਾ ਨਾਲ ਜੁੜੇ ਹਨ। ਰਾਜਨੀਤਕ ਹਸਤੀਆਂ ਤੋਂ ਲੈ ਕੇ ਫਿਲਮੀ ਸਿਤਾਰਿਆਂ ਤੇ ਆਮ ਲੋਕਾਂ ਨੇ ਯੋਗ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਯੋਗ ਦੁਨੀਆ ਦਾ ਸਭ ਤੋਂ ਵੱਡਾ ਸਮੁਦਾਇਕ ਉਤਸਵ ਬਣ ਗਿਆ ਹੈ ਜੋ ਅਲੱਗ-ਅਲੱਗ ਦੇਸ਼ਾਂ ਅਤੇ ਸਾਰੇ ਲੋਕਾਂ ਨੂੰ ਇਕੱਠੇ ਕਰਦਾ ਹੈ। ਦਿੱਲੀ ਦੇ ਏਮਜ਼ ਹਸਪਤਾਲ ਵਿਚ ਡਾਇਰੈਕਟਰ ਨਿਖਲ ਟੰਡਨ ਦੀ ਅਗਵਾਈ ਵਿਚ 4 ਹਜ਼ਾਰ ਲੋਕਾਂ ਨੇ ਯੋਗ ਕੀਤਾ, ਜਿਸ ਵਿਚ ਡਾਕਟਰ, ਨਰਸਾਂ, ਮਰੀਜ਼ ਤੇ ਫੈਕਲਿਟੀ ਮੈਂਬਰ ਸ਼ਾਮਿਲ ਸਨ। ਇਸ ਤੋਂ ਇਲਾਵਾ ਦਿੱਲੀ ਦੇ ਅਨੇਕਾਂ ਸਥਾਨਾਂ ਵਿਚ ਵੱਖ-ਵੱਖ ਇਲਾਕਿਆਂ ਦੀਆਂ ਐਸੋਸੀਏਸ਼ਨਾਂ, ਸੁਸਾਇਟੀਆਂ ਅਤੇ ਆਮ ਲੋਕਾਂ ਨੇ ਪਾਰਕਾਂ ਵਿਚ ਯੋਗ ਕੀਤਾ।
ਦਿੱਲੀ ਦੇ ਵਿਚ ਅਨੇਕਾਂ ਥਾਵਾਂ ’ਤੇ ਯੋਗ ਦੇ ਹੋਏ ਪ੍ਰੋਗਰਾਮ
ਅਜੀਤ ਡੈਸਕ
22-06-2026