ਯਮੁਨਾਨਗਰ, 22 ਜੂਨ{ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਹਰਿਆਣਾ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸ. ਆਈ. ਆਰ). ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀ ਰਿਪੋਰਟ ਅਨੁਸਾਰ ਯਮੁਨਾਨਗਰ ਜ਼ਿਲ੍ਹੇ ‘’ਚ ਐਸ. ਆਈ. ਆਰ. ਅਤੇ ਗਿਣਤੀ ਫਾਰਮਾਂ ਦੀ ਵੰਡ ਨਾਲ ਸੰਬੰਧਿਤ ਲਗਭਗ 86 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘’ਚ ਵੋਟਰਾਂ ਦੀ ਕੁੱਲ ਗਿਣਤੀ 9 ਲੱਖ 18 ਹਜ਼ਾਰ 682 ਹੈ ਅਤੇ ਗਿਣਤੀ ਫਾਰਮਾਂ ਦੀ ਵੰਡ 7 ਲੱਖ 88 ਹਜ਼ਾਰ 869 ਹੈ। ਜ਼ਿਲ੍ਹੇ ਦੇ ਹਰੇਕ ਬੂਥ ‘’ਤੇ ਇਕ ਬੀ. ਐਲ. ਓ. ਨਿਯੁਕਤ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਜ਼ਿਲ੍ਹੇ ‘’ਚ 979 ਬੀ. ਐਲ. ਓ. ਨਿਯੁਕਤ ਕੀਤੇ ਗਏ ਹਨ। ਡੀ. ਸੀ. ਨੇ ਜ਼ਿਲ੍ਹੇ ਦੇ ਸਾਰੇ ਬੀ. ਐਲ. ਓਜ਼ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਗਰਮੀਆਂ ‘’ਚ ਆਪਣੀ ਸਿਹਤ ਦਾ ਵੀ ਧਿਆਨ ਰੱਖਣ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੁਧਾਈ ਦੇ ਪ੍ਰੋਗਰਾਮ ਤਹਿਤ ਬੀ. ਐਲ. ਓ. 15 ਜੂਨ ਤੋਂ ਲੈ ਕੇ 14 ਜੁਲਾਈ 2026 ਤੱਕ ਘਰ-ਘਰ ਜਾ ਕੇ ਸਰਵੇਖਣ ਮੁਹਿੰਮ ਚਲਾ ਰਹੇ ਹਨ। ਇਸ ਮੁਹਿੰਮ ਦਾ ਉਦੇਸ਼ ਗ਼ਲਤੀ-ਮੁਕਤ ਵੋਟਰ ਸੂਚੀਆਂ ਨੂੰ ਯਕੀਨੀ ਬਣਾਉਣਾ ਹੈ। ਇਸ ਸਮੇਂ ਦੌਰਾਨ ਜ਼ਿਲ੍ਹੇ ਦੇ ਹਰੇਕ ਪੋਲਿੰਗ ਸਟੇਸ਼ਨ ‘’ਤੇ ਨਿਯੁਕਤ ਬੀ. ਐਲ. ਓ. ਆਪਣੇ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ‘’ਚ ਦਰਜ ਹਰੇਕ ਵੋਟਰ ਦੇ ਘਰ ਦਾ ਦੌਰਾ ਕਰ ਰਹੇ ਹਨ ਅਤੇ ਗਿਣਤੀ ਫਾਰਮ ਵੰਡ ਰਹੇ ਹਨ ਅਤੇ ਵੋਟਰਾਂ ਨੂੰ ਫਾਰਮ ਭਰਨ ‘’ਚ ਸਹਾਇਤਾ ਕਰ ਰਹੇ ਹਨ। ਡੀ. ਸੀ. ਨੇ ਅੱਗੇ ਦੱਸਿਆ ਕਿ ਬੀ. ਐਲ. ਓ. ਘਰ-ਘਰ ਜਾ ਕੇ ਜਨਗਣਨਾ ਫਾਰਮ ਵੰਡਣਗੇ। ਉਨ੍ਹਾਂ ਕਿਹਾ ਕਿ ਸਾਰੇ ਵੋਟਰ ਇਨ੍ਹਾਂ ਫਾਰਮਾਂ ਨੂੰ ਭਰ ਕੇ ਆਪਣੀ ਸਵੈ-ਤਸਦੀਕ ਕਰਨ ਅਤੇ 14 ਜੁਲਾਈ ਤੱਕ ਆਪਣੀ ਨਵੀਨਤਮ ਰੰਗੀਨ ਫੋਟੋ ਦੇ ਨਾਲ ਬੀ. ਐਲ. ਓ. ਫਾਰਮ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਪ੍ਰਾਪਤ ਜਨਗਣਨਾ ਫਾਰਮਾਂ ਦੇ ਆਧਾਰ ‘’ਤੇ ਪ੍ਰਾਇਮਰੀ ਵੋਟਰ ਸੂਚੀ 21 ਜੁਲਾਈ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਸਹੀ ਅਤੇ ਗਲਤੀ-ਮੁਕਤ ਕਰਨਾ ਹੈ ਅਤੇ ਨਾਲ ਹੀ ਇਹ ਯਕੀਨੀ ਬਣਾਉਣਾ ਹੈ ਕਿ ਸੂਚੀ ‘’ਚ ਹਰ ਨਾਮ ਵੈਧ ਅਤੇ ਅਸਲੀ ਹੋਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪੂਰੀ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਵਚਨਬੱਧ ਹੈ।