ਕਰਨਾਲ, 22 ਜੂਨ (ਗੁਰਮੀਤ ਸਿੰਘ ਸੱਗੂ)-ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਦੇ ਸਹਿਯੋਗ ਨਾਲ ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਵਲੋਂ ਗੁਰਦੁਆਰਾ ਸ਼ਬਦ ਪ੍ਰਕਾਸ਼ ਸਾਹਿਬ ਪਿੰਡ ਅਬੂਬ ਸ਼ਹਿਰ ਡੱਬਵਾਲੀ (ਸਿਰਸਾ) ਵਿਖੇ ਸੱਤ ਰੋਜ਼ਾ ਗੁਰਮਤਿ ਸਮਰ ਕੈਂਪ ਲਗਾਇਆ ਗਿਆ ਸੀ, ਜੋ ਕਿ ਅੱਜ ਸਮਾਪਤ ਹੋ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਭਾਈ ਜਸਬੀਰ ਸਿੰਘ ਮਿੱਡਾ ਦੇ ਢਾਡੀ ਜਥੇ ਵਲੋਂ ਬੱਚਿਆਂ ਨੂੰ ਗੁਰਮੁੱਖੀ, ਗੁਰਬਾਣੀ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਦੀ ਸਮਾਪਤੀ ਮੌਕੇ ਸਮੁੱਚੇ ਭਾਗੀਦਾਰਾਂ ਨੂੰ ਸਰਟੀਫਿਕੇਟਾਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕੈਂਪ ਦੌਰਾਨ ਸਹਿਯੋਗ ਦੇਣ ਬਦਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਬੂਬ ਸ਼ਹਿਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਬੂਬ ਸ਼ਹਿਰ ਦੇ ਪ੍ਰਧਾਨ ਸੁਖਦੇਵ ਸਿੰਘ, ਸਕੱਤਰ ਤੇਜਿੰਦਰ ਸਿੰਘ, ਖ਼ਜਾਨਚੀ ਇੰਦਰ ਸਿੰਘ, ਗ੍ਰੰਥੀ ਸਿੰਘ ਭਾਈ ਗੁਲਾਬ ਸਿੰਘ, ਹਰਿੰਦਰ ਸਿੰਘ, ਨੈਬ ਸਿੰਘ, ਭਗਤ ਸਿੰਘ, ਜਸਬੀਰ ਸਿੰਘ, ਸ਼ੇਰ ਸਿੰਘ ਤੇ ਮਲਕੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।