ਨਵੀਂ ਦਿੱਲੀ,22ਜੂਨ(ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਸਿੱਖਾਂ ਦੇ ਵਫ਼ਦ ਨੇ ਦਿੱਲੀ ਵਿਖੇ ਸਥਿਤ ਉਤਰਾਖੰਡ ਭਵਨ ਦੇ ਰੈਜ਼ੀਡੈਂਟ ਕਮਿਸ਼ਨਰ ਅਜੈ ਮਿਸ਼ਰਾ ਨਾਲ ਮੁਲਾਕਾਤ ਕੀਤੀ ਅਤੇ ਪਿਛਲੇ ਦਿਨੀਂ ਸਿੱਖ ਸ਼ਰਧਾਲੂਆਂ ਨਾਲ ਵਾਪਰੇ ਘਟਨਾਕ੍ਰਮ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ । ਵਫ਼ਦ ਵੱਲੋਂ ਸਿੱਖ ਕੌਮ ਨਾਲ ਜੁੜੇ ਅਹਿਮ ਮੁੱਦਿਆਂ ਅਤੇ ਜਨਤਕ ਸਰੋਕਾਰਾਂ ਨੂੰ ਗੰਭੀਰਤਾ ਨਾਲ ਉਠਾਇਆ ਗਿਆ ਅਤੇ ਉਨ੍ਹਾਂ ਦੇ ਜਲਦ ਤੇ ਯੋਗ ਹੱਲ ਲਈ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਗਈ । ਸਰਨਾ ਦੀ ਅਗਵਾਈ ’ਚ ਗਏ ਇਸ ਵਫ਼ਦ ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ.,ਦਿੱਲੀ ਕਮੇਟੀ ਮੈਂਬਰ ਕਰਤਾਰ ਸਿੰਘ ਵਿਕੀ ਚਾਵਲਾ,ਪਰਮਜੀਤ ਸਿੰਘ ਰਾਣਾ,ਸਤਨਾਮ ਸਿੰਘ ਖ਼ਾਲਸਾ,ਪਰਮਜੀਤ ਸਿੰਘ ਖੁਰਾਨਾ, ਕੁਲਦੀਪ ਸਿੰਘ ਭੋਗਲ ਤੇ ਪਰਮਜੀਤ ਸਿੰਘ ‘ਵੀਰਜੀ’ ਵੀ ਸ਼ਾਮਲ ਸਨ । ਸਰਨਾ ਤੇ ਜੀ.ਕੇ. ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਉੱਤਰਾਖੰਡ ਸਰਕਾਰ ਨੂੰ ਸਿੱਖ ਯਾਤਰੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਉੱਤਰਾਖੰਡ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਵਾਲੇ ਸਿੱਖ ਯਾਤਰੂਆਂ ਨਾਲ ਹੋ ਰਹੀਆਂ ਵਧੀਕੀਆਂ ਨਾ ਬਰਦਾਸ਼ਤ ਯੋਗ ਹਨ। ਸਰਨਾ ਨੇ ਦੱਸਿਆ ਕਿ ਉਤਰਾਖੰਡ ਸਰਕਾਰ ਦੇ ਨਾਂਅ ਸੌਂਪੇ ਗਏ ਮੰਗ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਬੀਤੇ ਦਿਨੀਂ ਸਿੱਖਾਂ ਨਾਲ ਵਾਪਰੀ ਘਟਨਾ ਵਿਚ ਪੁਲਿਸ ਮੁਲਾਜ਼ਮਾਂ ਦੇ ਵਿਵਹਾਰ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਾਈ ਜਾਵੇ । ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਸਿੱਖ ਸ਼ਰਧਾਲੂ ਨਾਲ ਉਸ ਦੀ ਧਾਰਮਿਕ ਪਛਾਣ ਦੇ ਕਾਰਨ ਪਰੇਸ਼ਾਨੀ, ਅਪਮਾਨ ਜਾਂ ਵਿਤਕਰੇ ਵਾਲਾ ਵਿਵਹਾਰ ਨਾ ਕੀਤਾ ਜਾਵੇ । ਸਿੱਖ ਧਾਰਮਿਕ ਵਸਤੂਆਂ ਦੀ ਧਾਰਮਿਕ ਮਹੱਤਤਾ ਬਾਰੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਢੁਕਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ । ਸ੍ਰੀ ਹੇਮਕੁੰਟ ਸਾਹਿਬ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਇੱਕ ਸਮਰਪਿਤ ਸ਼ਿਕਾਇਤ ਵਿਧੀ ਸਥਾਪਤ ਕੀਤੀ ਜਾਵੇ ।