ਨਵੀਂ ਦਿੱਲੀ,22ਜੂਨ(ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਦਿੱਲੀ ਵਿਚ ਕਾਰ ਸੇਵਾ ਸ਼ੁਰੂ ਕਰਨ ਦੇ 50 ਸਾਲ ਪੂਰੇ ਹੋਣ ’ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ । ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਸਰੋਵਰ ਦੀ ਸੇਵਾ ਤੋਂ ਇਹ ਕਾਰ ਸੇਵਾ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਗੁਰਦੁਆਰਾ ਮਾਤਾ ਸੁੰਦਰੀ ਜੀ, ਗੁਰਦੁਆਰਾ ਨਾਨਕ ਪਿਆਊ, ਗੁਰਦੁਆਰਾ ਬਾਲਾ ਸਾਹਿਬ ਸਮੇਤ ਤਕਰੀਬਨ ਸਾਰੇ ਹੀ ਪ੍ਰਮੁੱਖ ਗੁਰੂ ਘਰਾਂ ਵਿਚ ਦੀ ਕਾਰ ਸੇਵਾ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਆਮ ਠੇਕੇਦਾਰਾਂ ਵੱਲੋਂ ਤਿਆਰ ਕੀਤੀਆਂ ਇਮਾਰਤਾਂ ਕੁਝ ਹੀ ਸਾਲਾਂ ਵਿਚ ਟੁੱਟਣ ਲੱਗ ਪੈਂਦੀਆਂ ਹਨ, ਉਥੇ ਹੀ ਇਸ ਜੱਥੇ ਦੀ ਕਾਰ ਸੇਵਾ ਨਾਲ ਬਣੀਆਂ ਇਮਾਰਤਾਂ ਨੂੰ ਕਈ ਕਈ ਸੌ ਸਾਲ ਤੱਕ ਕੋਈ ਨੁਕਸਾਨ ਨਹੀਂ ਪਹੁੰਚਦਾ। ਇਹ ਇਮਾਰਤਾਂ ਜਿਥੇ ਬੇਹੱਦ ਮਜ਼ਬੂਤ ਹੁੰਦੀਆ ਹਨ, ਉਥੇ ਹੀ ਬਹੁਤ ਸੁੰਦਰ ਵੀ ਹੁੰਦੀਆਂ ਹਨ । ਸਮਾਗਮ ਦੌਰਾਨ ਕਮੇਟੀ ਵੱਲੋਂ ਬਾਬਾ ਹਰਬੰਸ ਸਿੰਘ ਦੇ ਜੱਥੇ ਦੀ ਇਸ ਵੇਲੇ ਅਗਵਾਈ ਕਰ ਰਹੇ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਤੇ ਹੋਰਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।