ਨਵੀਂ ਦਿੱਲੀ, 22 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਾਹਦਰਾ ਇਲਾਕੇ ਦੇ ਫਲਾਈਓਵਰ ’ਤੇ ਇਕ ਬਾਈਕ ਟੈਕਸੀ ਦੇ ਡਿੱਗ ਜਾਣ ਨਾਲ ਇਕ 26 ਸਾਲਾਂ ਦੀ ਔਰਤ ਦੀ ਮੌਤ ਹੋ ਗਈ। ਇਹ ਔਰਤ ਬਾਈਕ ਟੈਕਸੀ ਦੇ ਪਿੱਛੇ ਬੈਠੀ ਸੀ। ਮ੍ਰਿਤਕ ਔਰਤ ਦਾ ਨਾਂਅ ਨੀਲਮ ਦੱਸਿਆ ਜਾ ਰਿਹਾ ਹੈ ਅਤੇ ਇਹ ਦਿੱਲੀ ਦੇ ਕਰਾਵਲ ਨਗਰ ਦੀ ਰਹਿਣ ਵਾਲੀ ਹੈ। ਇਹ ਔਰਤ ਬਾਈਕ ਟੈਕਸੀ ਰਾਹੀਂ ਝਿਲਮਿਲ ਇਲਾਕੇ ਵਿਚ ਜਾ ਰਹੀ ਸੀ। ਇਸ ਨੂੰ ਪਹਿਲਾਂ ਜ਼ਖ਼ਮੀ ਹਾਲਤ ਵਿਚ ਜੀ.ਟੀ.ਬੀ. ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ ਪ੍ਰਤੀ ਬਾਈਕ ਟੈਕਸੀ ਵਾਲੇ ਨੂੰ ਫੜ ਕੇ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਉਸ ਦੀ ਪਹਿਚਾਣ ਕਰ ਲਈ ਹੈ। ਇਸ ਦਾ ਨਾਂਅ ਧਰਮਵੀਰ ਹੈ ਜੋ ਕਿ ਬਾਈਕ ਟੈਕਸੀ ਚਲਾਉਂਦਾ ਹੈ। ਪੁਲਿਸ ਇਸ ਮਾਮਲੇ ਪ੍ਰਤੀ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ਼ ਵੇਖ ਰਹੀ ਹੈ ਅਤੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।