ਟੋਹਾਣਾ, 25 ਜੂਨ (ਮਨਜੀਤ ਸਿੰਘ) - ਨਿਰਜਲਾ ਇਕਾਦਸ਼ੀ ਦੇ ਪਵਿੱਤਰ ਦਿਹਾੜੇ ਮੌਕੇ ਟੋਹਾਣਾ ਸ਼ਹਿਰ ਵਿੱਚ ਥਾਂ-ਥਾਂ ਛਬੀਲਾਂ ਅਤੇ ਲੰਗਰ ਲਗਾ ਕੇ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਅਤੇ ਭੋਜਨ ਵਰਤਾਇਆ ਗਿਆ। ਕਿਸੇ ਥਾਂ ਗੰਨੇ ਦੇ ਰਸ ਦੀ ਛਬੀਲ ਲਗਾਈ ਗਈ, ਜਦਕਿ ਕਈ ਥਾਵਾਂ ‘ਤੇ ਕੜੀ-ਕਚੌਰੀਆਂ ਅਤੇ ਹੋਰ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸੇ ਤਰ੍ਹਾਂ ਟੋਹਾਣਾ ਦੇ ਕੈਂਚੀ ਚੌਂਕ ਸਥਿਤ ਸ੍ਰੀ ਬਾਲਾ ਜੀ ਸੰਕਟ ਮੋਚਨ ਮੰਦਰ ਵਿਖੇ ਵੀ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸੇਵਾਦਾਰਾਂ ਨੇ ਦੱਸਿਆ ਕਿ ਇਹ ਛਬੀਲ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ ਅਤੇ ਗਰਮੀ ਦੇ ਮੌਸਮ ਨੂੰ ਦੇਖਦਿਆਂ ਰਾਹਗੀਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸੇਵਾਦਾਰਾਂ ਨੇ ਕਿਹਾ ਕਿ ਨਿਰਜਲਾ ਇਕਾਦਸ਼ੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇਹ ਸੇਵਾ ਨਿਰੰਤਰ ਜਾਰੀ ਹੈ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਰਾਹੀਂ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸੇਵਾ ਪੂਰੇ ਮਹੀਨੇ ਦੌਰਾਨ ਜਾਰੀ ਰਹੇਗੀ। ਗੁਪਤਾ ਕਾਲੋਨੀ ਦੀ ਸਰਵ ਸਮਾਜ ਸੇਵਾ ਸਮਿਤੀ ਵੱਲੋਂ ਵੀ ਠੰਢੇ ਮਿੱਠੇ ਜਲ ਦੀ ਛਬੀਲ ਲਗਾ ਕੇ ਸੇਵਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਛਬੀਲ ਦਾ ਜਲ ਛਕ ਕੇ ਸੇਵਾਦਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅਗਰਸੈਨ ਚੌਂਕ, ਚੰਡੀਗੜ੍ਹ ਰੋਡ, ਵਾਲਮੀਕੀ ਚੌਂਕ, ਦਮਕੌਰਾ ਰੋਡ, ਰੇਲਵੇ ਰੋਡ ਅਤੇ ਸ਼ਹਿਰ ਦੇ ਹੋਰ ਕਈ ਇਲਾਕਿਆਂ ਵਿੱਚ ਵੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਛਬੀਲਾਂ ਲਗਾ ਕੇ ਸੇਵਾ ਕੀਤੀ ਗਈ। ਨਿਰਜਲਾ ਇਕਾਦਸ਼ੀ ਮੌਕੇ ਸ਼ਹਿਰ ਭਰ ਵਿੱਚ ਸੇਵਾ ਅਤੇ ਸ਼ਰਧਾ ਦਾ ਮਾਹੌਲ ਵੇਖਣ ਨੂੰ ਮਿਲਿਆ।