ਯਮੁਨਾਨਗਰ, 2 ਜੁਲਾਈ (ਗੁਰਦਿਆਲ ਸਿੰਘ ਨਿਮਰ)-ਐਂਟੀ-ਨਾਰਕੋਟਿਕ ਸੈੱਲ ਦੀ ਟੀਮ ਵਲੋਂ 1.5 ਕਰੋੜ ਰੁ. ਦੀ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈੱਲ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ 22 ਜੂਨ, 2025 ਨੂੰ ਉਨ੍ਹਾਂ ਦੀ ਟੀਮ ਨੇ ਇਕ ਨੌਜਵਾਨ ਨੂੰ ਲਗਭਗ 1.5 ਕਰੋੜ ਰੁ. ਦੀ 1 ਕਿਲੋ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਦੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪੁਰਾਣਾ ਹਮੀਦਾ ਦੇ ਵਸਨੀਕ ਅਮਾਨਤ ਅਤੇ ਸਲਾਮਤ ਨੂੰ ਨਸ਼ੀਲੇ ਪਦਾਰਥ ਪਹੁੰਚਾਉਣ ਆਇਆ ਸੀ, ਜਿਸ ’ਤੇ ਟੀਮ ਨੇ ਕਾਰਵਾਈ ਕਰਦਿਆਂ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਦੋਵੇਂ ਮੁਲਜ਼ਮ ਭਰਾ ਹਨ ਅਤੇ ਨਰਸਰੀ ਦਾ ਕਾਰੋਬਾਰ ਚਲਾਉਂਦੇ ਹਨ। ਸੈੱਲ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਦੋ ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ’ਤੇ ਪਹਿਲਾਂ ਵੀ ਕਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦਰਜ ਹਨ, ਜਿਨ੍ਹਾਂ ਦੀ ਸੁਣਵਾਈ ਅਦਾਲਤ ’ਚ ਚੱਲ ਰਹੀ ਹੈ। ਇਸ ਮਾਮਲੇ ’ਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।