ਸਿਰਸਾ, 10 ਜੁਲਾਈ (ਭੁਪਿੰਦਰ ਪੰਨੀਵਾਲੀਆ)- ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੀ ਸਿਰਸਾ ਇਕਾਈ ਨੇ ਆਪਣਾ 78ਵੇਂ ਸਥਾਪਨਾ ਦਿਵਸ ਚੌਧਰੀ ਦੇਵੀ ਲਾਲ ਯੂਨੀਵਰਸਿਟੀ (ਸੀਡੀਐਲਯੂ) ਕੈਂਪਸ ਵਿੱਚ ਮਨਾਇਆ। ਇਸ ਮੌਕੇ ‘ਸੰਕਲਪ’ ਵਿਸ਼ੇ ’ਤੇ ਇੱਕ ਸੈਮੀਨਾਰ ਵੀ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ, ਅਧਿਆਪਕ ਅਤੇ ਏਬੀਵੀਪੀ ਵਰਕਰ ਸ਼ਾਮਿਲ ਹੋਏ। ਰਾਸ਼ਟਰ ਨਿਰਮਾਣ ਵਿਦਿਆਰਥੀ ਭਲਾਈ ਅਤੇ ਸੰਗਠਨ ਦੀ ਕਾਰਜਸ਼ੈਲੀ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਸਾਲ 2026-27 ਲਈ ਸਿਰਸਾ ਸ਼ਹਿਰੀ ਇਕਾਈ ਦੀਆਂ ਨਵੀਆਂ ਜ਼ਿੰਮੇਵਾਰੀਆਂ ਦਾ ਵੀ ਐਲਾਨ ਕੀਤਾ ਗਿਆ। ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਅਤੇ ਐਡਵੋਕੇਟ ਰਮੇਸ਼ ਗੋਇਲ, ਸੀਡੀਐਲਯੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਵਿਜੇ ਕੁਮਾਰ ਅਤੇ ਵਿਸ਼ੇਸ਼ ਮਹਿਮਾਨ, ਸੰਗਠਨ ਦੇ ਰਾਜ ਸੰਗਠਨ ਮੰਤਰੀ ਸੰਜੇ ਕਾਸਵਾਂ ਨੇ ਸਾਂਝੇ ਤੌਰ ’ਤੇ ਸ਼ਮਾ ਰੌਸ਼ਨ ਕਰਕੇ ਕੀਤਾ। ਪ੍ਰੋਗਰਾਮ ਦੌਰਾਨ ਚੋਣ ਅਧਿਕਾਰੀ ਅਤੇ ਜ਼ਿਲ੍ਹਾ ਮੁਖੀ ਸੰਦੀਪ ਕੁਮਾਰ ਦੇਸ਼ਪ੍ਰੇਮੀ ਨੇ ਨਵੀਂ ਸ਼ਹਿਰ ਇਕਾਈ ਦਾ ਐਲਾਨ ਕੀਤਾ ਜਿਸ ਵਿੱਚ ਸ਼ਹਿਰ ਪ੍ਰਧਾਨ ਦੀ ਜ਼ਿੰਮੇਵਾਰੀ ਡਾ. ਕਪਿਲ ਕੁਮਾਰ ਨੂੰ ਅਤੇ ਸ਼ਹਿਰ ਮੰਤਰੀ ਦੀ ਜ਼ਿੰਮੇਵਾਰੀ ਕੁਮਾਰੀ ਤੰਨੂ ਨੂੰ ਸੌਂਪੀ ਗਈ। ਨਵੀਆਂ ਜ਼ਿੰਮੇਵਾਰੀਆਂ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਨਵੀਂ ਟੀਮ ਵਿਦਿਆਰਥੀ ਹਿੱਤਾਂ ਦੀ ਰੱਖਿਆ, ਵਿਦਿਅਕ ਵਾਤਾਵਰਣ ਨੂੰ ਵਿਕਸਤ ਕਰਨ ਅਤੇ ਰਾਸ਼ਟਰ ਦੇ ਨਿਰਮਾਣ ਲਈ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਕੰਮ ਕਰਣਗੇ। ਇਸ ਮੌਕੇ ’ਤੇ ਰਾਜ ਸੰਗਠਨ ਮੰਤਰੀ ਸੰਜੇ ਕਸਵਾਂ ਨੇ ਆਪਣੇ ਸੰਬੋਧਨ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਕਾਰਜਸ਼ੈਲੀ, ਸੰਗਠਨ ਦੀ ਸਰਗਰਮੀ ਅਤੇ ਰਾਸ਼ਟਰ ਪ੍ਰਤੀ ਵਰਕਰਾਂ ਦੇ ਸਮਰਪਣ ਦੀ ਵਿਸਥਾਣ ਨਾਲ ਚਰਚਾ ਕੀਤੀ। ਇਸ ਮੌਕੇ ’ਤੇ ਏਬੀਵੀਪੀ ਨਾਲ ਜੁੜੇ ਵਿਦਿਆਰਥੀ ਵੱਡੀ ਗਿਣਤੀ ’ਚ ਮੌਜੂਦ ਸਨ।