ਕਰਨਾਲ, 10 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸ਼ਾਹਾਬਾਦ ਜੀ. ਟੀ. ਰੋਡ ‘ਤੇ ਸਥਿਤ ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮਾਮਲੇ ਨੂੰ ਲੈ ਕੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਗਠਿਤ ਕਮੇਟੀ ਜਲਦ ਹੀ ਆਪਣੀ ਰਿਪੋਰਟ ਪੇਸ਼ ਕਰੇਗੀ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਹ ਜਾਣਕਾਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੇ ਕਮੇਟੀ ਦੇ ਮੁੱਖ ਦਫ਼ਤਰ ਕੁਰੂਕਸ਼ੇਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਅਹਿਮ ਮੁੱਦਾ ਹੈ, ਇਸ ਲਈ ਅੱਜ ਸੰਸਥਾ ਦੇ ਕੁਝ ਮੈਂਬਰ ਸਾਹਿਬਾਨ ਦੀ ਇਕ ਅਹਿਮ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ‘ਚ ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮਾਮਲੇ ‘ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ, ਉਪਰੰਤ ਸਮੁੱਚੇ ਮੈਂਬਰ ਸਾਹਿਬਾਨਾਂ ਨੇ ਸਰਬਸੰਮਤੀ ਨਾਲ ਇਸ ਮੁੱਦੇ ਨੂੰ ਲੈ ਕੇ 11 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਜਲਦ ਹੀ ਆਪਣੀ ਰਿਪੋਰਟ ਪੇਸ਼ ਕਰੇਗੀ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਥੇ. ਝੀਂਡਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਗਠਨ ਨੂੰ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ। ਇਸ ਲਈ ਜੇਕਰ ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਚਲਾਉਣ ਲਈ ਲੋੜ ਪਈ ਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵੀ ਸਹਿਯੋਗ ਦੀ ਮੰਗ ਕਰੇਗੀ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਲੋੜ ਅਨੁਸਾਰ ਸਿੱਖ ਸੰਗਤ ਦਾ ਸਹਿਯੋਗ ਲੈਣ ਤੋਂ ਵੀ ਸੰਸਥਾ ਪਿੱਛੇ ਨਹੀਂ ਹਟੇਗੀ। ਮੀਟਿੰਗ ‘ਚ ਜਨਰਲ ਸਕੱਤਰ ਅੰਗਰੇਜ਼ ਸਿੰਘ ਰਾਣੀਆਂ, ਜੂਨੀਅਰ ਉਪ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ, ਸੰਯੁਕਤ ਸਕੱਤਰ ਬਲਵਿੰਦਰ ਸਿੰਘ ਭਿੰਡਰ, ਕਾਰਜਕਾਰੀ ਕਮੇਟੀ ਮੈਂਬਰ ਪਲਵਿੰਦਰ ਸਿੰਘ ਦਰੜ, ਕਾਰਜਕਾਰੀ ਕਮੇਟੀ ਮੈਂਬਰ ਕਰਨੈਲ ਸਿੰਘ ਨਿਮਨਾਬਾਦ, ਕਾਰਜਕਾਰੀ ਕਮੇਟੀ ਮੈਂਬਰ ਰੁਪਿੰਦਰ ਸਿੰਘ, ਮੈਂਬਰ ਇੰਦਰਜੀਤ ਸਿੰਘ, ਮੈਂਬਰ ਹਰਮਨਪ੍ਰੀਤ ਸਿੰਘ, ਮੈਂਬਰ ਮੇਜਰ ਸਿੰਘ, ਮੈਂਬਰ ਬਲਦੇਵ ਸਿੰਘ ਕਾਇਮਪੁਰ, ਮੈਂਬਰ ਬੀਬੀ ਜਸਬੀਰ ਕੌਰ ਮਸਾਣਾ, ਮੈਂਬਰ ਕੁਲਦੀਪ ਸਿੰਘ ਫੱਗੂ, ਮੈਂਬਰ ਰਵਿੰਦਰ ਸਿੰਘ, ਮੈਂਬਰ ਦੀਦਾਰ ਨਲਵੀ, ਮੈਂਬਰ ਬਲਦੇਵ ਸਿੰਘ ਹਾਬੜੀ, ਮੈਂਬਰ ਮੋਹਨਜੀਤ ਸਿੰਘ ਪਾਣੀਪਤ, ਮੈਂਬਰ ਭੁਪਿੰਦਰ ਸਿੰਘ ਲਾਡੀ, ਮੈਂਬਰ ਗੁਰਮੇਜ ਸਿੰਘ, ਮੈਂਬਰ ਬਿੰਦਰ ਸਿੰਘ ਖਾਲਸਾ, ਮੈਂਬਰ ਕਰਮਜੀਤ ਸਿੰਘ, ਮੈਂਬਰ ਬੀਬੀ ਕਰਤਾਰ ਕੌਰ, ਮੈਂਬਰ ਬੀਬੀ ਅਮਨਪ੍ਰੀਤ ਕੌਰ, ਮੈਂਬਰ ਗੁਰਨਾਮ ਸਿੰਘ ਲਾਡੀ ਡਬਰੀ, ਮੈਂਬਰ ਸਵਰਨ ਸਿੰਘ ਬੂੰਗਾ ਟਿੱਬੀ, ਮੈਂਬਰ ਰਾਜਿੰਦਰ ਸਿੰਘ ਬਰਾਡਾ ਅਤੇ ਮੈਂਬਰ ਸੁਖਦੇਵ ਸਿੰਘ ਨਨਯੋਲਾ ਆਦਿ ਹਾਜ਼ਰ ਸਨ।