ਫਤਿਹਾਬਾਦ, 10 ਜੁਲਾਈ (ਹਰਬੰਸ ਸਿੰਘ ਮੰਡੇਰ)- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸੁਸ਼ਾਸਨ ਅਤੇ ਜਨਤਕ ਸੰਵਾਦ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਮਹੀਨੇ ਕਰਵਾਏ ਜਾ ਰਹੇ ਰਾਤਰੀ ਠਹਿਰਾਅ ਪ੍ਰੋਗਰਾਮ ਤਹਿਤ ਵੀਰਵਾਰ ਨੂੰ ਭੂਨਾ ਬਲਾਕ ਦੇ ਪਿੰਡ ਦੀਗੋਹ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਡੀ.ਸੀ. ਡਾ. ਵਿਵੇਕ ਭਾਰਤੀ ਨੇ ਕੀਤੀ ਜਦਕਿ ਪੁਲਿਸ ਸੁਪਰਡੈਂਟ ਨਿਕਿਤਾ ਖੱਟਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਡੀ.ਸੀ. ਅਤੇ ਐਸ.ਪੀ. ਨੇ ਪਿੰਡ ਵਾਸੀਆਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਿਹੜੇ ’ਚ ਬੂਟਾ ਲਗਾਉਣ ਨਾਲ ਹੋਈ। ਡੀ.ਸੀ. ਨੇ ਕਿਹਾ ਕਿ ਰਾਤ ਠਹਿਰਨ ਦਾ ਪ੍ਰੋਗਰਾਮ ਸਿਰਫ਼ ਇੱਕ ਪ੍ਰਸ਼ਾਸਕੀ ਰਸਮ ਨਹੀਂ ਹੈ ਸਗੋਂ ਜਨਤਕ ਸੰਚਾਰ ਅਤੇ ਜਨਤਕ ਸੇਵਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਸ਼ਕਤੀਸ਼ਾਲੀ ਪ੍ਰਤੀਕ ਹੈ। ਇਸ ਪਹਿਲਕਦਮੀ ਰਾਹੀਂ ਪ੍ਰਸ਼ਾਸਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਸਮੇਂ ਸਿਰ ਹੱਲ ਨੂੰ ਯਕੀਨੀ ਬਣਾਉਣ ਲਈ ਪਿੰਡਾਂ ਤੱਕ ਪਹੁੰਚ ਕਰ ਰਿਹਾ ਹੈ, ਜਿਸ ਨਾਲ ਪਾਰਦਰਸ਼ਤਾ ਤੇ ਸ਼ਾਸਨ ਵਿਚ ਵਿਸ਼ਵਾਸ ਦੋਵਾਂ ਨੂੰ ਮਜ਼ਬੂਤੀ ਮਿਲ ਰਹੀ ਹੈ। ਡੀ.ਸੀ. ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਯੋਗ ਵਿਅਕਤੀ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਪੈਨਸ਼ਨ ਸਮਾਜਿਕ ਸੁਰੱਖਿਆ ਅਤੇ ਹੋਰ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ, ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਾਤ ਦੇ ਠਹਿਰਾਅ ਪ੍ਰੋਗਰਾਮ ਦੌਰਾਨ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਨਿਰਧਾਰਤ ਸਮਾਂ ਸੀਮਾ ’ਚ ਕੀਤਾ ਜਾਵੇ ਤਾਂ ਜੋ ਕਿਸੇ ਵੀ ਨਾਗਰਿਕ ਨੂੰ ਆਪਣੀ ਸਮੱਸਿਆ ਦੇ ਹੱਲ ਲਈ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਐਸ.ਪੀ. ਨਿਕਿਤਾ ਖੱਟਰ ਨੇ ਪਿੰਡ ਵਾਸੀਆਂ ਨੂੰ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਨਾਲ ਫ਼ੋਨ ਨੰਬਰ ਲਿੰਕ, ਓ.ਟੀ.ਪੀ. ਜਾਂ ਬੈਂਕ ਦੀ ਜਾਣਕਾਰੀ ਸਾਂਝੀ ਨਾ ਕਰਨ। ਜੇਕਰ ਕਿਸੇ ਵੀ ਤਰ੍ਹਾਂ ਦੀ ਸਾਈਬਰ ਧੋਖਾਧੜੀ ਹੁੰਦੀ ਹੈ ਤਾਂ ਤੁਰੰਤ ਸਾਈਬਰ ਹੈਲਪਲਾਈਨ 1930 ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਇਸ ਦੀ ਰਿਪੋਰਟ ਕਰਨ ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਰਫ਼ ਅਧਿਕਾਰਤ ਏਜੰਟਾਂ ਅਤੇ ਜਾਇਜ਼ ਚੈਨਲਾਂ ਰਾਹੀਂ ਹੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਇਸ ਦੌਰਾਨ ਸੇਵਾ ਵਿਭਾਗ ਵਲੋਂ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਯੁਦਯ ਯੋਜਨਾ ਤਹਿਤ ਪੇਂਡੂ ਹੁਨਰ ਰੁਜ਼ਗਾਰ ਮੇਲਾ ਵੀ ਲਗਾਇਆ। ਜ਼ਿਲ੍ਹਾ ਭਲਾਈ ਅਫ਼ਸਰ ਵਿਨੋਦ ਚਾਵਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ-ਅਜੈ ਯੋਜਨਾ ਦਾ ਉਦੇਸ਼ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕਰ ਕੇ ਬਿਹਤਰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਮੌਕੇ ਐਸ.ਡੀ.ਐਮ. ਰਾਜੇਸ਼ ਕੁਮਾਰ, ਸੀ.ਟੀ.ਐਮ. ਗੌਰਵ ਗੁਪਤਾ, ਜ਼ਿਲ੍ਹਾ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਰੇਸ਼ ਕੁਮਾਰ, ਡੀ.ਡੀ.ਪੀ.ਓ. ਅਨੂਪ ਸਿੰਘ, ਕਾਰਜਕਾਰੀ ਇੰਜੀਨੀਅਰ ਰਾਹੁਲ ਚਾਹਲ ਤੇ ਦਵਿੰਦਰ ਸਿੰਘ, ਡਿਪਟੀ ਸੀ.ਐਮ.ਓ. ਡਾ. ਸ਼ਰਦ ਤੁਲੀ, ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਰਾਜੇਸ਼ ਕੁਮਾਰ, ਡੀ.ਐਫ.ਓ. ਰਾਜੇਸ਼ ਲਿਲਰਾਡ, ਡੀ.ਡੀ.ਏ. ਡਾ. ਰਾਜੇਸ਼ ਸਿਹਾਗ, ਡੀ.ਡੀ.ਐਚ. ਡਾ. ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।