ਕਾਲਾਂਵਾਲੀ/ਸਿਰਸਾ, 10 ਜੁਲਾਈ (ਭੁਪਿੰਦਰ ਪੰਨੀਵਾਲੀਆ)- ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਵੱਲੋਂ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਚੋਰਮਾਰ ਖੇੜਾ ਦੇ ਸਾਲਾਨਾ ਪ੍ਰੀਖਿਆ ’ਚ ਦਸਵੀਂ ਜਮਾਤ ਦੇ ਪੰਜਾਬੀ ਵਿਸ਼ੇ ’ਚ 100 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ 13 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਸਭਾ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਭੁਪਿੰਦਰ ਸਿੰਘ, ਮਾ. ਸੁਰਿੰਦਰਪਾਲ ਸਿੰਘ ਅਤੇ ਜਸਵੰਤ ਕੌਰ ਨੇ ਕਿਹਾ ਕਿ ਭਾਸ਼ਾ ਪੰਜਾਬੀ ਨਾਲ ਜੁੜਾਅ ਅਤੇ ਇਸ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਹੋਰਨਾਂ ਵਿਦਿਆਰਥੀਆਂ ਦੇ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਨਵੀਆਂ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਗੁਰਦੁਆਰਾ ਸਾਹਿਬ ਚੋਰਮਾਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਪਾਲ ਸਿੰਘ ਵੱਲੋਂ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਆਗੂਆਂ ਦਾ ਪੰਜਾਬੀ ਭਾਸ਼ਾ ਦੀ ਸੇਵਾ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਸੁਮਨ ਸ਼ਰਮਾ, ਗੁਰਪਿੰਦਰ ਸਿੰਘ ਚੋਰਮਾਰ, ਗੁਰਮੀਤ ਸਿੰਘ ਖਾਲਸਾ ਐਡਵੋਕੇਟ ਆਦਿ ਹਾਜ਼ਰ ਸਨ।