ਰਾਹਗੀਰਾਂ ਅਤੇ ਦੁਕਾਨਦਾਰਾਂ ਦੀ ਵਧੀ ਮੁਸ਼ਕਿਲ
ਟੋਹਾਣਾ, 14 ਜੁਲਾਈ (ਮਨਜੀਤ ਸਿੰਘ)-ਟੋਹਾਣਾ ਦੇ ਰੌਣਕ ਭਰੇ ਸ਼ਹੀਦ ਚੌਂਕ (ਕੈਂਚੀ ਚੌਂਕ) ਵਿੱਚ ਸੀਵਰੇਜ ਦਾ ਗੰਦਾ ਪਾਣੀ ਸੜਕ ‘ਤੇ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਦੇ ਲਗਾਤਾਰ ਓਵਰਫਲੋ ਹੋਣ ਨਾਲ ਪੂਰੀ ਸੜਕ ਜਲਮਗਨ ਹੋ ਗਈ ਹੈ, ਜਿਸ ਕਾਰਨ ਵਾਹਨ ਚਾਲਕਾਂ, ਰਾਹਗੀਰਾਂ ਅਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਕਾਫ਼ੀ ਵੱਧ ਗਈਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹੀਦ ਚੌਂਕ ਸ਼ਹਿਰ ਦਾ ਇੱਕ ਮਹੱਤਵਪੂਰਨ ਅਤੇ ਸਭ ਤੋਂ ਵੱਧ ਆਵਾਜਾਈ ਵਾਲਾ ਇਲਾਕਾ ਹੈ, ਜਿੱਥੋਂ ਹਰ ਰੋਜ਼ ਹਜ਼ਾਰਾਂ ਲੋਕ ਚੰਡੀਗੜ੍ਹ, ਹਿਸਾਰ, ਫ਼ਤਿਹਾਬਾਦ ਅਤੇ ਹੋਰ ਵੱਡੇ ਸ਼ਹਿਰਾਂ ਨੂੰ ਇੱਥੋਂ ਲੰਘ ਕੇ ਅੱਗੇ ਜਾਂਦੇ ਹਨ। ਸੜਕ ‘ਤੇ ਖੜ੍ਹੇ ਗੰਦੇ ਪਾਣੀ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਖ਼ਾਸ ਤੌਰ ‘ਤੇ ਫਿਸਲਣ ਦਾ ਖ਼ਤਰਾ ਬਣਿਆ ਹੋਇਆ ਹੈ। ਗੰਦੇ ਪਾਣੀ ਵਿੱਚੋਂ ਆ ਰਹੀ ਬਦਬੂ ਕਾਰਨ ਨੇੜਲੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਦਾ ਬੈਠਣਾ ਵੀ ਔਖਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਗੰਦਾ ਪਾਣੀ ਲੰਬੇ ਸਮੇਂ ਤੱਕ ਖੜ੍ਹਾ ਰਹਿਣ ਨਾਲ ਮੱਛਰਾਂ ਦੀ ਪੈਦਾਵਾਰ ਵਧਣ ਦਾ ਡਰ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦੀ ਸੰਭਾਵਨਾ ਵੀ ਬਣ ਸਕਦੀ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਸਬੰਧਤ ਵਿਭਾਗ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਨਗਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਪ੍ਰਣਾਲੀ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਸੜਕ ‘ਤੇ ਫੈਲੇ ਗੰਦੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਜੇਕਰ ਸੀਵਰੇਜ ਪ੍ਰਣਾਲੀ ਨੂੰ ਸਮੇਂ ਸਿਰ ਠੀਕ ਨਾ ਕੀਤਾ ਗਿਆ ਤਾਂ ਅਜਿਹੀ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰ ਸਕਦੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਟੋਹਾਣਾ ਦੇ ਸ਼ਹੀਦ ਚੌਕ (ਕੈਂਚੀ ਚੌਕ) ’ਚ ਸੀਵਰੇਜ ਦੇ ਗੰਦੇ ਪਾਣੀ ਦਾ ਕਹਿਰ, ਸੜਕ ਬਣੀ ਛੱਪੜ
ਅਜੀਤ ਡੈਸਕ
15-07-2026