ਰਤੀਆ, 15 ਜੁਲਾਈ (ਬੇਅੰਤ ਕੌਰ ਮੰਡੇਰ)- ਰਤੀਆ ਮੋਬਾਈਲ ਐਸੋਸੀਏਸ਼ਨ ਨੇ ਲਗਪਗ ਲੱਖ ਰੁਪਏ ਦਾ ਗੁਆਚਿਆ ਐਪਲ ਆਈਫੋਨ ਅਸਲ ਮਾਲਕ ਨੂੰ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਤਾਮਸਪੁਰਾ ਦੇ ਨੰਬਰਦਾਰ ਹੈਪੀ ਸਿੰਘ ਦਾ ਕੁਝ ਦਿਨ ਪਹਿਲਾਂ ਭਗਤ ਸਿੰਘ ਚੌਂਕ ਨੇੜੇ ਜੀਪ ਵਿਚ ਸਵਾਰ ਹੁੰਦੇ ਸਮੇਂ ਆਈਫੋਨ ਗੁਆਚ ਗਿਆ ਸੀ। ਇਕ ਵਿਅਕਤੀ ਨੂੰ ਫ਼ੋਨ ਮਿਲਿਆ ਅਤੇ ਉਸ ਨੇ ਸੁਰੇਸ਼ ਵਾਚ ਕੰਪਨੀ ਅਤੇ ਮੋਬਾਈਲ ਸੈਂਟਰ ਦੇ ਸੰਚਾਲਕ ਸੁਰੇਸ਼ ਕੁਮਾਰ ਨਾਲ ਇਸ ਨੂੰ ਵੇਚਣ ਲਈ ਸੰਪਰਕ ਕੀਤਾ। ਸੁਰੇਸ਼ ਕੁਮਾਰ ਨੂੰ ਸ਼ੱਕ ਹੋਇਆ ਅਤੇ ਉਸ ਨੇ ਤੁਰੰਤ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਬਲਾਨਾ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਟਸਐਪ ਗਰੁੱਪਾਂ ਅਤੇ ਸੋਸ਼ਲ ਮੀਡੀਆ ਰਾਹੀਂ ਮੋਬਾਈਲ ਦੇ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ। ਚਾਰ-ਪੰਜ ਦਿਨਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਫ਼ੋਨ ਹੈਪੀ ਸਿੰਘ ਦਾ ਹੈ। ਪ੍ਰਧਾਨ ਰਮਨ ਬਲਾਨਾ, ਸੁਰੇਸ਼ ਕੁਮਾਰ, ਗੋਲਡੀ ਮਹਿਤਾ, ਵਰੁਣ ਚਿਲਾਣਾ, ਸਾਹਿਲ ਜਸੂਜਾ, ਵਿੱਕੀ ਕੱਕੜ ਅਤੇ ਹੋਰ ਮੈਂਬਰਾਂ ਨੇ ਹੈਪੀ ਸਿੰਘ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਆਪਣਾ ਆਈਫੋਨ ਸੌਂਪਿਆ। ਮੋਬਾਈਲ ਫ਼ੋਨ ਵਾਪਸ ਮਿਲਣ ‘ਤੇ ਹੈਪੀ ਸਿੰਘ ਨੇ ਐਸੋਸੀਏਸ਼ਨ ਅਤੇ ਸੁਰੇਸ਼ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਸਮੇਂ ‘ਚ ਅਜਿਹੀ ਇਮਾਨਦਾਰੀ ਬਹੁਤ ਘੱਟ ਮਿਲਦੀ ਹੈ। ਪ੍ਰਧਾਨ ਰਮਨ ਬਲਾਨਾ ਨੇ ਕਿਹਾ ਕਿ ਐਸੋਸੀਏਸ਼ਨ ਸਿਰਫ਼ ਕਾਰੋਬਾਰ ਤੱਕ ਹੀ ਸੀਮਤ ਨਹੀਂ ਹੈ, ਸਗੋਂ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੀ ਹੈ।