ਟੋਹਾਣਾ, 23 ਜੁਲਾਈ (ਮਨਜੀਤ ਸਿੰਘ)- ਗ੍ਰੰਥੀ, ਰਾਗੀ ਪ੍ਰਚਾਰਕ ਸਭਾ (ਹਰਿਆਣਾ) ਸਰਕਲ ਟੋਹਾਣਾ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਸੁਤੰਤਰ ਹਰਿਆਣਾ ਵਲੋਂ ਗੁਰਦੁਆਰਾ ਗੁਰੂ ਨਾਨਕ ਦੇਵ ਸ਼ਾਹੀ ਦਰਬਾਰ, ਖਨੌਰਾ ਵਿਖੇ ਧਾਰਮਿਕ ਇਕੱਤਰਤਾ ਕਰਵਾਈ ਗਈ। ਜਿਸ ਵਿੱਚ ਟੋਹਾਣਾ ਸਰਕਲ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਸੇਵਾ ਨਿਭਾ ਰਹੇ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ, ਰਾਗੀ ਜਥਿਆਂ, ਪ੍ਰਚਾਰਕਾਂ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਈ ਆਗਿਆਪਾਲ ਸਿੰਘ ਟੋਹਾਣਾ ਪ੍ਰਧਾਨ ਗ੍ਰੰਥੀ, ਰਾਗੀ ਪ੍ਰਚਾਰਕ ਸਭਾ (ਹਰਿਆਣਾ) ਅਤੇ ਭਾਈ ਹਾਕਮ ਸਿੰਘ ਖੁੰਬਰ ਪ੍ਰਧਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਸੁਤੰਤਰ (ਹਰਿਆਣਾ) ਨੇ ਕਿਹਾ ਕਿ ਗੁਰੂ ਘਰਾਂ ਵਿੱਚ ਸੇਵਾ ਨਿਭਾ ਰਹੇ ਗ੍ਰੰਥੀ ਅਤੇ ਪਾਠੀ ਸਿੰਘਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਦਾ ਇਸ ਪਵਿੱਤਰ ਸੇਵਾ ਵੱਲ ਘੱਟ ਰੁਝਾਨ ਚਿੰਤਾ ਦਾ ਵਿਸ਼ਾ ਹੈ, ਜਿਸ ਕਾਰਨ ਭਵਿੱਖ ਵਿੱਚ ਗੁਰੂ ਘਰਾਂ ਲਈ ਸੇਵਾਦਾਰਾਂ ਦੀ ਘਾਟ ਪੈਦਾ ਹੋ ਸਕਦੀ ਹੈ। ਇਕੱਤਰਤਾ ਦੌਰਾਨ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਮਜ਼ਬੂਤ ਕਰਨ, ਗੁਰਮਤਿ ਪ੍ਰਚਾਰ, ਗੁਰਬਾਣੀ ਸੰਥਿਆ, ਕੀਰਤਨ ਸਿਖਲਾਈ, ਅੰਮ੍ਰਿਤ ਸੰਚਾਰ ਲਹਿਰ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਗੁਰੂ ਘਰਾਂ ਦੀ ਮਰਿਆਦਾ ਦੀ ਪਾਲਣਾ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਵਰਗੇ ਅਹਿਮ ਵਿਸ਼ਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਇਸ ਇਕੱਤਰਤਾ ਦਾ ਉਦੇਸ਼ ਪੰਥਕ ਏਕਤਾ ਨੂੰ ਮਜ਼ਬੂਤ ਕਰਨਾ, ਗੁਰੂ ਘਰਾਂ ਦੀ ਸੇਵਾ ਨਾਲ ਜੁੜੇ ਸਿੰਘਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਅਤੇ ਧਾਰਮਿਕ, ਸਮਾਜਿਕ ਤੇ ਭਾਸ਼ਾਈ ਸਰੋਕਾਰਾਂ ਲਈ ਸਾਂਝਾ ਮੰਚ ਤਿਆਰ ਕਰਨਾ ਹੈ। ਇਸ ਮੌਕੇ ਭਾਈ ਜਸਵੀਰ ਸਿੰਘ ਜਮਾਲਪੁਰ, ਭਾਈ ਮਨਜੀਤ ਸਿੰਘ ਖਨੌਰਾ, ਭਾਈ ਮਲਕੀਤ ਸਿੰਘ ਜਮਾਲਪੁਰ ਸ਼ੇਖਾਂ, ਭਾਈ ਗੁਰਵਿੰਦਰ ਸਿੰਘ ਮੰਗਾ ਅਤੇ ਹੋਰ ਸਿੰਘਾਂ ਨੂੰ ਟੋਹਾਣਾ ਅਤੇ ਹਿਸਾਰ ਬਲਾਕ ਦੇ ਪਿੰਡਾਂ ਵਿੱਚ ਗ੍ਰੰਥੀ ਸਿੰਘਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੋਂ ਇਲਾਵਾ ਦੇਖਭਾਲ ਅਤੇ ਤਾਲਮੇਲ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਕੱਤਰਤਾ ਵਿੱਚ ਭਾਈ ਆਗਿਆਪਾਲ ਸਿੰਘ ਟੋਹਾਣਾ, ਭਾਈ ਹਾਕਮ ਸਿੰਘ ਖੁੰਬਰ, ਬਾਪੂ ਗੁਰਚਰਨ ਸਿੰਘ, ਭਾਈ ਬਲਕਾਰ ਸਿੰਘ, ਭਾਈ ਨਿਰਮਲ ਸਿੰਘ, ਭਾਈ ਮੱਖਣ ਸਿੰਘ ਰਤੀਆ, ਭਾਈ ਗੁਰਪ੍ਰੀਤ ਸਿੰਘ ਸ਼ੰਟੀ ਟੋਹਾਣਾ ਸਮੇਤ ਸੈਂਕੜੇ ਪਿੰਡਾਂ ਦੇ ਗ੍ਰੰਥੀ ਸਿੰਘ, ਰਾਗੀ ਜਥੇ, ਧਾਰਮਿਕ ਪ੍ਰਚਾਰਕ ਅਤੇ ਹੋਰ ਪੰਥਕ ਸ਼ਖਸੀਅਤਾਂ ਹਾਜ਼ਰ ਸਨ।