02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੀ ਕਰੇਗੀ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ਦੀ ਸੇਵਾ ਸੰਭਾਲ-ਜਥੇਦਾਰ ਝੀਂਡਾ

Ad Position 21
No active advertisement
ਅਜੀਤ ਡੈਸਕ 25-07-2026
ਕਰਨਾਲ, 24 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੀ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ਸ਼ਾਹਬਾਦ ਮਾਰਕੰਡਾ ਦੀ ਸੇਵਾ ਸੰਭਾਲ ਕਰੇਗੀ। ਇਹ ਫ਼ੈਸਲਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕੁਰੂਕਸ਼ੇਤਰ ਵਿਖੇ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਲਿਆ ਗਿਆ। ਹਰਿਆਣਾ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ ਮੀਟਿੰਗ ’ਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਜਦੋਂ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਹਰਿਆਣਾ ਕਮੇਟੀ ਸੰਭਾਲ ਰਹੀ ਹੈ ਤਾਂ ਸ਼ਾਹਬਾਦ ਮਾਰਕੰਡਾ ਵਿਖੇ ਚੱਲ ਰਹੇ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ’ਤੇ ਵੀ ਹਰਿਆਣਾ ਕਮੇਟੀ ਦਾ ਅਧਿਕਾਰ ਬਣਦਾ ਹੈ। ਇਸ ਲਈ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ਦੀ ਸੇਵਾ ਸੰਭਾਲ ਸੰਬੰਧੀ ਪ੍ਰਸਤਾਵ ਵੀ ਕਾਰਜਕਾਰਨੀ ਕਮੇਟੀ ਵਲੋਂ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਮੁੱਦੇ ਨੂੰ ਲੈ ਕੇ 72 ਘੰਟਿਆਂ ਦੇ ਅੰਦਰ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ। ਅੱਜ ਹੋਈ ਮੀਟਿੰਗ ’ਚ ਸਾਰੇ ਮੈਂਬਰ ਸਾਹਿਬਾਨ ਨੇ ਸਰਬਸੰਮਤੀ ਨਾਲ ਉਕਤ ਇੰਸਟੀਚਿਊਟ ਦੀ ਸੇਵਾ ਸੰਭਾਲ 72 ਘੰਟਿਆਂ ਦੇ ਅੰਦਰ ਆਪਣੇ ਹੱਥ ’ਚ ਲੈਣ ਦਾ ਪ੍ਰਸਤਾਵ ਪਾਸ ਕੀਤਾ। ਇਸ ਮੌਕੇ ਸੀਨੀਅਰ ਉਪ ਪ੍ਰਧਾਨ ਗੁਰਮੀਤ ਸਿੰਘ ਰਾਮਸ਼ਰਣ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ਦੀ ਸੇਵਾ ਸੰਭਾਲ ਦਾ ਕੰਮ ਅਧੂਰਾ ਪਿਆ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾਵੇਗਾ। ਜਨਰਲ ਸਕੱਤਰ ਅੰਗਰੇਜ਼ ਸਿੰਘ ਰਾਣੀਆ ਤੇ ਸੰਯੁਕਤ ਸਕੱਤਰ ਬਲਵਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਹਰਿਆਣਾ ਦੀ ਸੰਗਤ ਦੀ ਮੰਗ ਨੂੰ ਪੂਰਾ ਕਰਦਿਆਂ ਹਰਿਆਣਾ ਕਮੇਟੀ ਨੇ ਸ਼ਾਹਬਾਦ ਵਿਖੇ ਚੱਲ ਰਹੇ ਉਕਤ ਇੰਸਟੀਚਿਊਟ ਦੀ ਸੇਵਾ ਸੰਭਾਲ ਲਈ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਤਨਖਾਹਾਂ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਡਾਕਟਰਾਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਧਰਨਾ ਸਮਾਪਤ ਕਰਕੇ ਆਪਣੀ-ਆਪਣੀ ਡਿਊਟੀ ’ਤੇ ਵਾਪਸ ਪਰਤਣ, ਕਿਉਂਕਿ ਉਨ੍ਹਾਂ ਦੀਆਂ ਤਨਖਾਹਾਂ ਦਾ ਭੁਗਤਾਨ ਵੀ ਜਲਦ ਕਰ ਦਿੱਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ ਨਿਮਨਾਬਾਦ, ਪਲਵਿੰਦਰ ਸਿੰਘ, ਕੁਲਦੀਪ ਸਿੰਘ ਮੁਲਤਾਨੀ, ਜਗਤਾਰ ਸਿੰਘ, ਟੀ. ਪੀ. ਸਿੰਘ ਨਾਰਨੌਲ, ਰੁਪਿੰਦਰ ਸਿੰਘ ਪੰਜੋਖਰਾ ਸਾਹਿਬ, ਹਰਿਆਣਾ ਕਮੇਟੀ ਦੇ ਮੁੱਖ ਸਕੱਤਰ ਜਸਵਿੰਦਰ ਸਿੰਘ ਦੀਨਪੁਰ, ਐਡੀਸ਼ਨਲ ਸਕੱਤਰ ਰਾਜਪਾਲ ਸਿੰਘ ਦੁਨੀਆ ਮਾਜਰਾ (ਪੀ. ਏ.), ਐਡੀਸ਼ਨਲ ਸਕੱਤਰ ਸਤਪਾਲ ਸਿੰਘ ਡਾਚਰ, ਐਡੀਸ਼ਨਲ ਸਕੱਤਰ ਨਰਿੰਦਰ ਸਿੰਘ, ਉਪ ਸਕੱਤਰ ਅਮਰਿੰਦਰ ਸਿੰਘ, ਉਪ ਸਕੱਤਰ ਰੁਪਿੰਦਰ ਸਿੰਘ ਅਤੇ ਨਿੱਜੀ ਸਕੱਤਰ ਸ਼ਮਸ਼ੇਰ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਦਾ ਸਨਮਾਨ ਅਗਲੀ ਖ਼ਬਰ ਟੋਹਾਣਾ ’ਚ ਕਿਸਾਨ, ਮਜ਼ਦੂਰ ਤੇ ਵਿਦਿਆਰਥੀ ਜਥੇਬੰਦੀਆਂ ਦਾ ਰੋਸ ਪ੍ਰਦਰਸ਼ਨ
Ad Position 24
No active advertisement