ਧੀਆਂ ਬਣ ਰਹੀਆਂ ਕੁਦਰਤ ਰੱਖਿਅਕ , ਇਕ ਧੀ ਇਕ ਬੂਟਾ ਮੁਹਿੰਮ ਦੇ ਪਹਿਲੇ ਹਫ਼ਤੇ 150 ਬੂਟੇ ਲਗਾਏ
ਫ਼ਤਿਹਾਬਾਦ, 6 (ਹਰਬੰਸ ਸਿੰਘ ਮੰਡੇਰ)- ਡੀ. ਐਸ.
ਫ਼ਤਿਹਾਬਾਦ, 6 (ਹਰਬੰਸ ਸਿੰਘ ਮੰਡੇਰ)- ਡੀ.ਐਸ.ਪੀ. ਸੰਜੇ ਬਿਸ਼ਨੋਈ ਨੇ ਸਥਾਨਕ ਸੀਨੀਅਰ ਮਾਡਲ ਸਕੂਲ ’ਚ ਕਰਵਾਏ ਪ੍ਰੋਗਰਾਮ ਦੌਰਾਨ ਜ਼ਿੰਦਗੀ ਸੰਸਥਾ ਦੇ ‘ਇੱਕ ਧੀ ਇੱਕ ਬੂਟਾ’ ਮੁਹਿੰਮ ਤਹਿਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੋਧੀ ਧਰਮ ਸਪੋਰਟਸ ਅਕੈਡਮੀ ਦੀਆਂ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਰਾਜ ਪੱਧਰ ਦੀਆਂ 15 ਪ੍ਰਤਿਭਾਸ਼ਾਲੀ ਖਿਡਾਰਨਾਂ ਨੇ ਰੁੱਖ ਲਗਾਏ ਅਤੇ ਵਾਤਾਵਰਣ ਦੀ ਰੱਖਿਆ ਕਰਨ ਦਾ ਪ੍ਰਣ ਲਿਆ। ਡੀ.ਐਸ.ਪੀ. ਨੇ ਕਿਹਾ ਧੀਆਂ ਸਿਰਫ਼ ਪਰਿਵਾਰ ਦਾ ਹੀ ਨਹੀਂ ਸਗੋਂ ਪੂਰੇ ਸਮਾਜ ਦਾ ਮਾਣ ਹਨ। ਉਨ੍ਹਾਂ ਨੂੰ ਵਾਤਾਵਰਣ ਸੁਰੱਖਿਆ ਦੇ ਸਿਪਾਹੀ ਬਣਾਉਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਵਧਦੀ ਆਬਾਦੀ, ਵਾਹਨਾਂ ਦੀ ਗਿਣਤੀ ਤੇ ਸਰੋਤਾਂ ਦੇ ਅੰਨ੍ਹੇਵਾਹ ਸ਼ੋਸ਼ਣ ਕਾਰਨ ਵਾਤਾਵਰਣ ਸੰਤੁਲਨ ਲਗਾਤਾਰ ਵਿਗੜ ਰਿਹਾ ਹੈ ਅਤੇ ਜੇਕਰ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ’ਚ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਇੱਕ ਬੂਟਾ ਲਗਾਉਣ ਅਤੇ ਇਸ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਜ਼ਿੰਦਗੀ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਸੰਸਥਾ ਹਰ ਸਾਲ ਸਾਉਣ ਦੇ ਮਹੀਨੇ ਮੁਹਿੰਮ ਚਲਾਉਂਦੀ ਹੈ ਅਤੇ ਪਰਿਵਾਰਾਂ ਨੂੰ ਆਪਣੀਆਂ ਧੀਆਂ ਨੂੰ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 1 ਅਗਸਤ ਤੋਂ ਸ਼ੁਰੂ ਹੋਈ ਮੁਹਿੰਮ ਦੇ ਪਹਿਲੇ ਹਫ਼ਤੇ ’ਚ ਧੀਆਂ ਦੁਆਰਾ ਲਗਭਗ 150 ਬੂਟੇ ਲਗਾਏ ਜਾ ਚੁੱਕੇ ਹਨ। ਇਸ ਮੌਕੇ ਰਾਸ਼ਟਰੀ ਵੁਸ਼ੂ ਕੋਚ ਪ੍ਰਦੀਪ ਸਿੰਘ, ਦਿਨੇਸ਼ ਭੋਬੀਆ, ਸਕੂਲ ਪ੍ਰਬੰਧਕ ਕਮੇਟੀ ਦੇ ਮੁਖੀ ਨੀਰਜ ਸ਼ਰਮਾ, ਪ੍ਰਿੰਸੀਪਲ ਸੀਤਾਰਾਮ ਬਿਸ਼ਨੋਈ, ਰਵਿੰਦਰ ਸੈਣੀ, ਅਨਿਲ ਚੌਧਰੀ, ਰਾਜੇਸ਼ ਭਾਂਭੂ, ਡਾਇਰੈਕਟਰ ਰਾਕੇਸ਼ ਕੋਚ, ਸੱਜਣ ਭੋਬੀਆ, ਰਾਕੇਸ਼ ਕਾਇਤ, ਸੁਖਬੀਰ ਭੋਬੀਆ, ਰਾਕੇਸ਼ ਤੰਵਰ ਆਦਿ ਹਾਜ਼ਰ ਸਨ।