ਪ੍ਰਮੁੱਖ ਸਕੱਤਰ ਵਿਜੇ ਸਿੰਘ ਦਹੀਆ ਨੇ ਸ਼ਹਿਜ਼ਾਦਪੁਰ ਬਲਾਕ ਦੇ ਸਕੂਲਾਂ ਦਾ ਨਿਰੀਖਣ ਕਰ ਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਨਾਰਾਇਣਗੜ੍ਹ, 17 ਸਤੰਬਰ (ਪੀ ਸਿੰਘ)- ਹਰਿਆਣਾ ਦੇ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਜੇ ਸਿੰਘ ਦਹੀਆ ਵਲੋਂ ਅੱਜ ਸ਼ਹਿਜ਼ਾਦਪੁਰ ਬਲਾਕ ਦੇ ਸੀ. ਐਮ.
ਨਾਰਾਇਣਗੜ੍ਹ, 17 ਸਤੰਬਰ (ਪੀ ਸਿੰਘ)- ਹਰਿਆਣਾ ਦੇ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਜੇ ਸਿੰਘ ਦਹੀਆ ਵਲੋਂ ਅੱਜ ਸ਼ਹਿਜ਼ਾਦਪੁਰ ਬਲਾਕ ਦੇ ਸੀ. ਐਮ. ਈ. ਈ. ਈ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਕੜ ਮਾਜਰਾ ਤੇ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਪੁਰ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਕੂਲਾਂ ‘ਚ ਵਿੱਦਿਅਕ ਗਤੀਵਿਧੀਆਂ, ਮੁੱਢਲੀਆਂ ਸਹੂਲਤਾਂ, ਸਕੂਲ ਪ੍ਰਬੰਧਨ ਤੇ ਵਿਦਿਆਰਥੀਆਂ ਲਈ ਉਪਲੱਬਧ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਐਸ. ਡੀ. ਐਮ. ਨਾਰਾਇਣਗੜ੍ਹ ਸ਼ਿਵਜੀਤ ਭਾਰਤੀ ਤੇ ਬਲਾਕ ਸਿੱਖਿਆ ਅਧਿਕਾਰੀ ਸੁਰਿੰਦਰ ਸਿੰਘ ਸਮੇਤ ਸਕੂਲਾਂ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਕੜ ਮਾਜਰਾ ਪਹੁੰਚਣ ‘ਤੇ ਐਸ. ਡੀ. ਐਮ. ਸ਼ਿਵਜੀਤ ਭਾਰਤੀ ਨੇ ਪ੍ਰਮੁੱਖ ਸਕੱਤਰ ਵਿਜੇ ਸਿੰਘ ਦਹੀਆ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਇਸ ਦੌਰਾਨ ਪ੍ਰਮੁੱਖ ਸਕੱਤਰ ਨੇ ਸਕੂਲ ਪ੍ਰਿੰ. ਰੇਣੂ ਬਾਲਾ ਪੂਨੀਆ ਤੋਂ ਸਕੂਲ ਦੇ ਪ੍ਰੀਖਿਆ ਨਤੀਜਿਆਂ, ਸਟਾਫ਼ ਦੀ ਸਥਿਤੀ, ਪਖਾਨਿਆਂ ਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ, ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ, ਵਿਦਿਆਰਥੀਆਂ ਦੀ ਸਿਹਤ ਜਾਂਚ, ਬੱਚਿਆਂ ਦੀ ਕਾਊਂਸਲਿੰਗ, ਇੰਟਰਨੈੱਟ ਸਹੂਲਤ, ਸਮਾਰਟ ਤੇ ਡਿਜੀਟਲ ਬੋਰਡ, ਗ੍ਰਾਂਟਾਂ ਤੇ ਆਰਟਸ ਤੇ ਕਾਮਰਸ ਫੈਕਲਟੀਜ਼ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਟੀਚਾ ਸੂਬੇ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ, ਬਿਹਤਰ ਸਿੱਖਣ ਦਾ ਮਾਹੌਲ ਤੇ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਸਿੱਖਿਆ ਵਿਭਾਗ ਦੇ ਪ੍ਰਮੁੱਖ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਤੇ ਸਕੂਲਾਂ ‘ ਚ ਬਿਜਲੀ, ਪੀਣ ਵਾਲਾ ਪਾਣੀ, ਪਖਾਨੇ ਤੇ ਸਫਾਈ ਵਰਗੀਆਂ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵਿਦਿਆਰਥੀਆਂ ਲਈ ਨਿਯਮਿਤ ਕਾਊਂਸਲਿੰਗ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਇਸੇ ਦੌਰਾਨ ਪ੍ਰਿੰ. ਰੇਣੂ ਬਾਲਾ ਪੂਨੀਆ ਨੇ ਪ੍ਰਮੁੱਖ ਸਕੱਤਰ ਵਿਜੇ ਦਹੀਆ ਨੂੰ ਸਕੂਲ ਦੀਆਂ ਪ੍ਰਾਪਤੀਆਂ ਤੇ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸਕੂਲ ਦੀ ਸਥਾਪਨਾ ਸਾਲ 1952 ‘ਚ ਹੋਈ ਸੀ ਤੇ ਇਸ ਸਮੇਂ ਸਕੂਲ ‘ਚ 425 ਵਿਦਿਆਰਥੀ ਸਿੱਖਿਆ ਹਾਸਿਲ ਕਰ ਹਨ। ਇਸ ਤੋਂ ਬਾਅਦ ਵਿਜੇ ਸਿੰਘ ਦਹੀਆ ਨੇ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਜ਼ਾਦਪੁਰ ਦਾ ਨਿਰੀਖਣ ਕੀਤਾ। ਇਸ ਮੌਕੇ ਸਕੂਲ ਪ੍ਰਿੰ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ 15 ਅਗਸਤ ਨੂੰ ਹਾਂਸੀ ‘ਚ ਹੋਏ ਆਜ਼ਾਦੀ ਦਿਵਸ ਸਮਾਰੋਹ ‘ਚ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਸ਼੍ਰੇਣੀ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਕਾਵਯਾਂਸ਼ ਚੌਹਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਪ੍ਰੀਖਿਆ ਪੇ ਚਰਚਾ’ ਪ੍ਰੋਗਰਾਮ ‘ਚ ਹਿੱਸਾ ਲਿਆ ਸੀ, ਜਦਕਿ ਵਿਦਿਆਰਥਣ ਵਰਿੰਦਾ ਨੇ 10ਵੀਂ ਜਮਾਤ ‘ਚ 98 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਚਮਕਾਇਆ ਸੀ। ਉਨ੍ਹਾਂ ਦੱਸਿਆ ਕਿ ਕਿਹਾ ਕਿ ਸਕੂਲ ‘ਚ ਸੋਲਰ ਪੈਨਲ, ਸਾਰੀਆਂ ਕਲਾਸਾਂ ‘ਚ ਸੀ. ਸੀ. ਟੀ. ਵੀ. ਕੈਮਰੇ, ਬਿਹਤਰ ਪਖਾਨੇ ਤੇ ਕੰਪਿਊਟਰ ਲੈਬ ਸਮੇਤ ਕਈ ਹੋਰ ਸਹੂਲਤਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਕੂਲ ‘ਚ ਲਗਭਗ 598 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਦੋਵਾਂ ਸਕੂਲਾਂ ‘ਚ ਪ੍ਰਮੁੱਖ ਸਕੱਤਰ ਨੇ ਸਕੂਲ ਲਾਇਬ੍ਰੇਰੀ, ਕੰਪਿਊਟਰ ਲੈਬ ਤੇ ਰੈਸਟਰੂਮਾਂ ਦਾ ਨਿਰੀਖਣ ਕੀਤਾ ਤੇ ਨਾਲ ਹੀ ਵੱਖ-ਵੱਖ ਕਲਾਸਰੂਮਾਂ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਮਾਰਟ ਤੇ ਡਿਜ਼ੀਟਲ ਬੋਰਡਾਂ ਦੀ ਵਰਤੋਂ ਬਾਰੇ ਵੀ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਜੋ ਕਿਸੇ ਵੀ ਵਿਸ਼ੇ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਸਕੂਲ ਦੇ ਪ੍ਰੀਖਿਆ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ਤੇ 100 ਫੀਸਦੀ ਨਤੀਜੇ ਪ੍ਰਾਪਤ ਕਰਨ ਲਈ ਯੋਜਨਾਬੱਧ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਸਕੂਲ ‘ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਤੇ ਇਸ ਉਦੇਸ਼ ਲਈ ਇਕ ਪ੍ਰਭਾਵਸ਼ਾਲੀ ਕਾਰਜ ਯੋਜਨਾ ਵਿਕਸਿਤ ਕਰਨ ਲਈ ਵੀ ਵਿਸ਼ੇਸ਼ ਯਤਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਸਕੂਲਾਂ ‘ਚ ਸਫ਼ਾਈ ਤੇ ਕੂੜੇ ਨੂੰ ਵੱਖ-ਵੱਚ ਕਰਨ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੰਦਿਆਂ ਪ੍ਰਮੁੱਖ ਸਕੱਤਰ ਕਿਹਾ ਕਿ ਸਕੂਲਾਂ ‘ਚ ਤਿੰਨ ਵੱਖ-ਵੱਖ ਕਿਸਮਾਂ ਦੇ ਡਸਟਬਿੰਨ ਰੱਖੇ ਜਾਣੇ ਚਾਹੀਦੇ ਹਨ ਤੇ ਵਿਦਿਆਰਥੀਆਂ ਨੂੰ ਕੂੜੇ ਦੇ ਸਹੀ ਵਰਗੀਕਰਨ ਤੇ ਕੂੜੇ ਨੂੰ ਵੱਖ ਕਰਨ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।