ਦਿੱਲੀ ਡਾਇਰੀ -14 ਨਵੰਬਰ ਤੱਕ ਪਲੇਟਫਾਰਮ ਟਿਕਟ ਨਹੀਂ ਮਿਲਣਗੇ
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ) - ਤਿਉਹਾਰਾਂ ਦੇ ਇਸ ਮੌਸਮ ਵਿਚ ਵਧ ਰਹੀ ਭੀੜ ਨੂੰ ਵੇਖਦੇ ਹੋਏ ਰੇਲਵੇ ਨੇ ਦਿੱਲੀ ਅਤੇ ਗਾਜ਼ੀਆਬਾਦ ਦੇ 6 ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ’ਤੇ ਅਸਥਾਈ ਰੂਪ ਵਿਚ ਰੋਕ ਲਗਾ ਦਿੱਤੀ ਹੈ।
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ) - ਤਿਉਹਾਰਾਂ ਦੇ ਇਸ ਮੌਸਮ ਵਿਚ ਵਧ ਰਹੀ ਭੀੜ ਨੂੰ ਵੇਖਦੇ ਹੋਏ ਰੇਲਵੇ ਨੇ ਦਿੱਲੀ ਅਤੇ ਗਾਜ਼ੀਆਬਾਦ ਦੇ 6 ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ’ਤੇ ਅਸਥਾਈ ਰੂਪ ਵਿਚ ਰੋਕ ਲਗਾ ਦਿੱਤੀ ਹੈ। ਹੁਣ 3 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਨਵੀਂ ਦਿੱਲੀ, ਦਿੱਲੀ ਜੰਕਸ਼ਨ, ਹਜ਼ਰਤ ਨਿਜ਼ਾਮੁਦੀਨ, ਗਾਜ਼ੀਆਬਾਦ, ਅਨੰਦ ਵਿਹਾਰ ਟਰਮੀਨਲ ਅਤੇ ਅਨੰਦ ਵਿਹਾਰ ਹਾਲਟ ਆਦਿ ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟ ਨਹੀਂ ਮਿਲੇਗੀ, ਪ੍ਰੰਤੂ ਮਰੀਜ਼ਾਂ, ਬਿਮਾਰ, ਵਿਕਲਾਂਗਾਂ, ਅਨਪੜ੍ਹ ਔਰਤਾਂ ਨੂੰ ਛੋਟ ਦਿੱਤੀ ਹੈ। ਇਸ ਦੇ ਨਾਲ ਹੀ ਨਵੀਂ ਦਿੱਲੀ, ਅਨੰਦ ਵਿਹਾਰ ਟਰਮੀਨਲ ਅਤੇ ਦਿੱਲੀ ਜੰਕਸ਼ਨ ’ਤੇ 14 ਨਵੰਬਰ ਤੱਕ ਵਿਭਾਗੀ ਬੁਕਿੰਗ ਬੰਦ ਰਹੇਗੀ। ਇਸ ਦੇ ਨਾਲ ਹੀ 5 ਨਵੰਬਰ ਤੋਂ 15 ਨਵੰਬਰ ਤੱਕ ਪਾਰਸਲਾਂ ਦੀ ਲੋਡਿੰਗ ਤੇ ਅਨਲੋਡਿੰਗ ’ਤੇ ਰੋਕ ਰਹੇਗੀ। ਰੇਲ ਗੱਡੀ ’ਚ ਸਫ਼ਰ ਕਰਨਾ ਬਣੀ ਚੁਣੌਤੀ ਦੀਵਾਲੀ ਅਤੇ ਛੱਠ ਪੂਜਾ ਦੇ ਤਿਉਹਾਰ ’ਤੇ ਆਪਣੇ ਘਰਾਂ ਨੂੰ ਜਾਣ ਵਾਲੇ ਲੋਕਾਂ ਲਈ ਰੇਲ ਗੱਡੀ ਵਿਚ ਸਫ਼ਰ ਕਰਨਾ ਇਕ ਚੁਣੌਤੀ ਬਣ ਗਈ ਹੈ। ਦਿੱਲੀ ਤੋਂ ਇਹ ਲੋਕ ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਆਦਿ ਰਾਜਾਂ ਵਿਚ ਆਪਣੇ ਘਰ ਨੂੰ ਜਾਣਾ ਤਾਂ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਰੇਲ ਗੱਡੀ ਦੀ ਬੁਕਿੰਗ ਨਹੀਂ ਮਿਲ ਰਹੀ ਅਤੇ ਨਾ ਹੀ ਵੇਟਿੰਗ ਵਿਚ ਉਨ੍ਹਾਂ ਦਾ ਨੰਬਰ ਆ ਰਿਹਾ ਹੈ। ਇਸ ਤੋਂ ਇਲਾਵਾ ਇਸ ਮੌਕੇ ਹਵਾਈ ਕਿਰਾਇਆ ਆਸਮਾਨ ’ਤੇ ਪੁੱਜ ਚੁੱਕਾ ਹੈ, ਜੋ ਕਿ ਇਨ੍ਹਾਂ ਲੋਕਾਂ ਦੇ ਵਸ ਦੀ ਗੱਲ ਨਹੀਂ ਹੈ। ਹੁਣ ਲੋਕ ਬੱਸਾਂ ਰਾਹੀਂ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਨ। ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਨਸ਼ਾ ਮੁਕਤੀ ’ਤੇ ਐਂਟੀ ਟੋਬੈਕੋ ਕਮੇਟੀਆਂ ਬਣਾਉਣ ਲਈ ਕਿਹਾ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਸਕੂਲਾਂ, ਸਹਾਇਤਾ ਪ੍ਰਾਪਤ ਸਕੂਲਾਂ ਅਤੇ ਨਿੱਜੀ ਸਕੂਲਾਂ ਨੂੰ ਨਸ਼ਾ ਮੁਕਤੀ ਅਤੇ ਐਂਟੀ ਟੋਬੈਕੋ ਕਮੇਟੀਆਂ ਗਠਨ ਕਰਨ ਲਈ ਕਿਹਾ ਹੈ, ਤਾਂ ਕਿ ਸਕੂਲਾਂ ਨੂੰ ਪੂਰੀ ਤਰ੍ਹਾਂ ਨਾਲ ਨਸ਼ਾ ਮੁਕਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਇਹ ਵੀ ਕਿਹਾ ਹੈ ਕਿ ਸਕੂਲਾਂ ਵਿਚ ਲਗਾਤਾਰ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣ। ਇਸ ਤੋਂ ਇਲਾਵਾ ਕਮੇਟੀਆਂ ਵਿਚ ਨੋਡਲ ਅਧਿਆਪਕ, ਵਿਦਿਆਰਥੀ ਪ੍ਰਤੀਨਿਧ, ਸਥਾਨਿਕ ਪੁਲਿਸ ਦੇ ਪ੍ਰਤੀਨਿਧ, ਹੈਲਥ ਐਂਡ ਵੈੱਲਨੈੱਸ ਅੰਬੈਸਡਰ ਆਦਿ ਸ਼ਾਮਿਲ ਹੋਣਗੇ। ਇਸ ਪ੍ਰੋਗਰਾਮ ਪ੍ਰਤੀ ਜ਼ਿਲ੍ਹਾ ਸਮਿਤੀਆਂ ਸਕੂਲਾਂ ਦਾ ਨਿਰੀਖਣ ਕਰਨਗੀਆਂ। ਪੁਲਿਸ ਨੇ 13 ਸਾਲਾਂ ਦੇ ਬੱਚੇ ਨੂੰ 50 ਮਿੰਟ ’ਚ ਪਰਿਵਾਰ ਹਵਾਲੇ ਕੀਤਾ ਕੇਂਦਰੀ ਜ਼ਿਲ੍ਹੇ ਦੇ ਹੌਜ ਕਾਜ਼ੀ ਥਾਣੇ ਦੀ ਪੁਲਿਸ ਨੇ ਇਕ 13 ਸਾਲ ਦੇ ਬੱਚੇ ਨੂੰ ਉਸ ਦੇ ਪਰਿਵਾਰ ਨਾਲ 50 ਮਿੰਟਾਂ ਵਿਚ ਮਿਲਾ ਕੇ ਬਹੁਤ ਵੱਡਾ ਕੰਮ ਕੀਤਾ ਹੈ। ਇਹ ਬੱਚਾ ਮੂਲ ਰੂਪ ਵਿਚ ਬਿਹਾਰ ਦਾ ਹੈ ਅਤੇ ਇਹ ਪੰਜਾਬ ਤੋਂ ਇਕੱਲਾ ਆਪਣੀ ਦਿੱਲੀ ਵਿਖੇ ਭੈਣ ਨੂੰ ਮਿਲਣ ਆਇਆ ਸੀ ਅਤੇ ਦਿੱਲੀ ਆ ਕੇ ਭਟਕ ਗਿਆ। ਇਹ ਬੱਚਾ ਰੋ ਰਿਹਾ ਸੀ ਅਤੇ ਪੁਲਿਸ ਨੇ ਗਸ਼ਤ ਕਰਦਿਆਂ ਜਦੋਂ ਇਸ ਨੂੰ ਵੇਖਿਆ ਤਾਂ ਪਹਿਲਾਂ ਇਸ ਬੱਚੇ ਨੂੰ ਕੁਝ ਖਿਲਾਇਆ ਅਤੇ ਬਾਅਦ ਵਿਚ ਪੁੱਛ ਪੜਤਾਲ ਕਰਕੇ ਇਸ ਬੱਚੇ ਨੂੰ ਪਰਿਵਾਰ ਦੇ ਕੋਲ ਸੌਂਪ ਦਿੱਤਾ। ਪੁਲਿਸ ਨੇ ਇਹ ਸਾਰਾ ਕੰਮ ਕੇਵਲ 50 ਮਿੰਟਾਂ ਵਿਚ ਕੀਤਾ। ਬੱਚੇ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਦਾ ਧੰਨਵਾਦ ਕੀਤਾ।