ਗੱਡੀਆਂ ਚੋਰੀ ਕਰਨ ਵਾਲੇ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ
ਨਵੀਂ ਦਿੱਲੀ, 4 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ )-ਦੱਖਣੀ ਪੱਛਮੀ ਜ਼ਿਲ੍ਹੇ ਦੀ ਏ.
ਨਵੀਂ ਦਿੱਲੀ, 4 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ )-ਦੱਖਣੀ ਪੱਛਮੀ ਜ਼ਿਲ੍ਹੇ ਦੀ ਏ. ਏ. ਟੀ. ਐਸ. ਟੀਮ ਨੇ ਇਕ ਅੰਤਰਰਾਜੀ ਚੋਰ ਗਰੋਹ, ਜੋ ਕਿ ਗੱਡੀਆਂ ਦੀ ਚੋਰੀ ਕਰਦੇ ਸਨ, ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਟੀਮ ਨੇ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਦੇ ਕੋਲੋਂ ਦੋ ਚੋਰੀ ਕੀਤੀਆਂ ਗਈਆਂ ਕਾਰਾਂ, ਇਕ ਕਾਰ ਦਾ ਇੰਜਣ, ਨਕਲੀ ਨੰਬਰ ਪਲੇਟਾਂ ਦੇ 6 ਜੋੜੇ, 8 ਰਿਮੋਟ ਵਾਲੀਆਂ ਚਾਬੀਆਂ, ਇਕ ਸਕੈਨਰ ਅਤੇ ਹੋਰ ਕਈ ਸੰਦ ਫੜੇ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ 4 ਮਾਮਲੇ ਸੁਲਝੇ ਹਨ। ਇਨ੍ਹਾਂ ਫੜੇ ਗਏ ਚੋਰਾਂ ਦੇ ਨਾਂਅ ਸੋਨੂੰ (38) ਨਿਵਾਸੀ ਕਰਨਾਲ, ਹਰਿਆਣਾ, ਇਹ ਪਹਿਲਾਂ ਚੋਰੀ ਦੇ 24 ਅਪਰਾਧਿਕ ਮਾਮਲਿਆਂ ਦੇ ਵਿਚ ਸ਼ਾਮਿਲ ਰਿਹਾ ਹੈ। ਦੂਸਰੇ ਚੋਰ ਦਾ ਨਾਂਅ ਅਮਨਦੀਪ ਸਿੰਘ (34) ਨਿਵਾਸੀ ਵਿਕਾਸਪੁਰੀ ਦਿੱਲੀ ਦਾ ਹੈ ਤੇ ਤੀਸਰਾ ਚੋਰ ਕੇਵਲ ਟਿੱਲੂ ਸਿੰਘ ਉਰਫ਼ ਲਾਲਾ (49) ਨਿਵਾਸੀ ਬਹਾਦਰਗੜ੍ਹ ਹਰਿਆਣਾ ਦਾ ਹੈ। ਦੱਖਣੀ ਪੱਛਮੀ ਜ਼ਿਲ੍ਹੇ ਦੇ ਵਿਚ ਗੱਡੀਆਂ ਦੀ ਚੋਰੀ ਪ੍ਰਤੀ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਰਕੇ ਪੁਲਿਸ ਨੇ ਸੀ. ਸੀ. ਟੀ. ਵੀ. ਦੀ ਫੁਟੇਜ, ਤਕਨੀਕੀ ਜਾਣਕਾਰੀ ਅਤੇ ਖੁਫ਼ੀਆ ਜਾਣਕਾਰੀ ਇਕੱਠੀ ਕੀਤੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਭ ਤੋਂ ਪਹਿਲਾਂ ਸੋਨੂੰ ਨੂੰ ਚੋਰੀ ਦੀ ਕਾਰ ਸਮੇਤ ਕਾਬੂ ਕੀਤਾ ਅਤੇ ਬਾਅਦ ਵਿਚ ਦੂਸਰੇ ਚੋਰਾਂ ਤੱਕ ਵੀ ਪੁਲਿਸ ਪੁੱਜੀ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।