28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਤਿੰਨ ਰੋਜ਼ਾ ਕੌਮੀ ਡੇਅਰੀ ਮੇਲੇ ਦੀ ਸ਼ਾਨਦਾਰ ਸਮਾਪਤੀ, ਪਸ਼ੂ ਪਾਲਕਾਂ ਤੇ ਜੇਤੂਆਂ ਦਾ ਸਨਮਾਨ

ਕਰਨਾਲ, 28 ਨਵੰਬਰ (ਗੁਰਮੀਤ ਸਿੰਘ ਸੱਗੂ)- ਆਈ. ਸੀ.

Ad Position 21
No active advertisement
ਅਜੀਤ ਡੈਸਕ 29-11-2026
ਕਰਨਾਲ, 28 ਨਵੰਬਰ (ਗੁਰਮੀਤ ਸਿੰਘ ਸੱਗੂ)- ਆਈ. ਸੀ. ਏ. ਆਰ.-ਕੌਮੀ ਡੇਅਰੀ ਖੋਜ ਸੰਸਥਾਨ (ਐਨ. ਡੀ. ਆਰ. ਆਈ.) ਕਰਨਾਲ ਵਿਖੇ ਚੱਲ ਰਿਹਾ ਤਿੰਨ ਰੋਜ਼ਾ ਕੌਮੀ ਡੇਅਰੀ ਮੇਲਾ ਅਤੇ ਖੇਤੀਬਾੜੀ ਪ੍ਰਦਰਸ਼ਨੀ-2026 ਸ਼ਾਨਦਾਰ ਸਮਾਪਤੀ ਸਮਾਰੋਹ ਅਤੇ ਇਨਾਮ ਵੰਡ ਸਮਾਗਮ ਨਾਲ ਸੰਪੰਨ ਹੋ ਗਿਆ। ਸੰਸਥਾਨ ਦੇ ਪ੍ਰਦਰਸ਼ਨੀ ਮੈਦਾਨ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਪਸ਼ੂ ਪਾਲਣ, ਦੁੱਧ ਉਤਪਾਦਨ, ਪਸ਼ੂਆਂ ਦੀ ਸੁੰਦਰਤਾ ਅਤੇ ਡੇਅਰੀ ਉਤਪਾਦ ਤਿਆਰ ਕਰਨ ਦੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੇਲੇ ਨੇ ਡੇਅਰੀ ਕਿਸਾਨਾਂ, ਪਸ਼ੂ ਪਾਲਕਾਂ, ਵਿਗਿਆਨੀਆਂ, ਉੱਦਮੀਆਂ, ਮਹਿਲਾ ਡੇਅਰੀ ਸਮੂਹਾਂ ਅਤੇ ਉਦਯੋਗਿਕ ਨੁਮਾਇੰਦਿਆਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕੀਤਾ, ਜਿੱਥੇ ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਨ ਦੇ ਨਾਲ-ਨਾਲ ਨਵੀਆਂ ਤਕਨੀਕਾਂ ਅਤੇ ਡੇਅਰੀ ਖੇਤਰ ਵਿਚ ਹੋ ਰਹੀਆਂ ਵਿਗਿਆਨਕ ਤਰੱਕੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਐਨ. ਡੀ. ਆਰ. ਆਈ. ਦੇ ਡਾਇਰੈਕਟਰ ਡਾ. ਧੀਰ ਸਿੰਘ ਨੇ ਕੀਤੀ। ਉਨ੍ਹਾਂ ਨੇ ਸਮਾਗਮ ਵਿਚ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਕਿਸਾਨਾਂ, ਡੇਅਰੀ ਉੱਦਮੀਆਂ, ਮਹਿਲਾ ਸਮੂਹਾਂ ਅਤੇ ਉਦਯੋਗਿਕ ਨੁਮਾਇੰਦਿਆਂ ਦੀ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਵਿਗਿਆਨਕ ਖੋਜ ਅਤੇ ਖੇਤਰੀ ਪੱਧਰ ’ਤੇ ਡੇਅਰੀ ਕਿੱਤੇ ਨੂੰ ਆਪਸ ਵਿਚ ਜੋੜਨ ਦਾ ਅਹਿਮ ਕੰਮ ਕਰਦੇ ਹਨ। ਇਸ ਨਾਲ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ, ਪਸ਼ੂਆਂ ਦੀ ਵਿਗਿਆਨਕ ਦੇਖਭਾਲ ਅਤੇ ਡੇਅਰੀ ਉਤਪਾਦਾਂ ਦੀ ਕੀਮਤ ਵਧਾਉਣ ਵਾਲੀਆਂ ਤਕਨੀਕਾਂ ਅਪਣਾਉਣ ਲਈ ਉਤਸ਼ਾਹ ਮਿਲਦਾ ਹੈ। ਸਮਾਗਮ ਵਿਚ ਹਰਿਆਣਾ ਗਊ ਸੇਵਾ ਆਯੋਗ ਦੇ ਉਪ ਚੇਅਰਮੈਨ ਸੁਮਨ ਕੁਮਾਰ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਹਰਿਆਣਾ ਦੇ ਡਾਇਰੈਕਟਰ ਜਨਰਲ ਡਾ. ਪ੍ਰੇਮ ਸਿੰਘ, ਐਡਵੋਕੇਟ ਅਸ਼ੋਕ ਕੁਮਾਰ ਸਿਰਸੀ ਅਤੇ ਭਾਜਪਾ ਦੇ ਕਰਨਾਲ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਲਾਠਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਡਾ. ਏ.ਕੇ. ਸਿੰਘ, ਸੰਯੁਕਤ ਨਿਰਦੇਸ਼ਕ (ਅਕਾਦਮਿਕ) ਨੇ ਸਵਾਗਤੀ ਭਾਸ਼ਣ ਦਿੱਤਾ। ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਗੋਪਾਲ ਸਾਂਖਲਾ ਨੇ ਤਿੰਨ ਰੋਜ਼ਾ ਮੇਲੇ ਦੀ ਰਿਪੋਰਟ ਪੇਸ਼ ਕਰਦਿਆਂ ਵੱਖ-ਵੱਖ ਮੁਕਾਬਲਿਆਂ, ਪ੍ਰਦਰਸ਼ਨੀਆਂ, ਤਕਨੀਕੀ ਪ੍ਰਦਰਸ਼ਨਾਂ ਅਤੇ ਕਿਸਾਨਾਂ ਤੇ ਵਿਗਿਆਨੀਆਂ ਵਿਚਕਾਰ ਹੋਏ ਵਿਚਾਰ-ਵਟਾਂਦਰੇ ਬਾਰੇ ਜਾਣਕਾਰੀ ਦਿੱਤੀ। ਡਾ. ਬੀ.ਐੱਸ. ਮੀਣਾ, ਪ੍ਰਮੁੱਖ ਵਿਗਿਆਨੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਮੁਕਾਬਲਿਆਂ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ ਸਮਾਰੋਹ ਦੌਰਾਨ ਪਸ਼ੂਆਂ ਦੀ ਦੇਖਭਾਲ, ਦੁੱਧ ਉਤਪਾਦਨ, ਦੁੱਧ ਦੀ ਚੋਣ ਅਤੇ ਡੇਅਰੀ ਉਤਪਾਦ ਤਿਆਰ ਕਰਨ ਦੇ ਮੁਕਾਬਲਿਆਂ ਵਿਚ ਜੇਤੂ ਰਹੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਰਾਹੀਂ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੀ ਨਸਲ, ਗੁਣਵੱਤਾ, ਦੁੱਧ ਦੇਣ ਦੀ ਸਮਰੱਥਾ ਅਤੇ ਪਸ਼ੂ ਪਾਲਣ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਮੁਕਾਬਲਿਆਂ ਨੇ ਕਿਸਾਨਾਂ ਵਿਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਵਿਗਿਆਨਕ ਪਸ਼ੂ ਪਾਲਣ ਪ੍ਰਣਾਲੀਆਂ ਅਪਣਾਉਣ ਲਈ ਵੀ ਉਤਸ਼ਾਹਿਤ ਕੀਤਾ। ਪਸ਼ੂਆਂ ਦੀ ਸੁੰਦਰਤਾ ਦੇ ਮੁਕਾਬਲਿਆਂ ਵਿਚ ਇਨ੍ਹਾਂ ਨੇ ਮਾਰੀ ਬਾਜ਼ੀ ਮੁਰ੍ਹਾ ਨਸਲ ਦੇ ਸੁੰਦਰਤਾ ਮੁਕਾਬਲੇ ਵਿਚ ਵਰਿੰਦਰ ਨੇ ਪਹਿਲਾ, ਨਰਿੰਦਰ ਸਿੰਘ ਨੇ ਦੂਜਾ ਅਤੇ ਸੰਜੀਵ ਸ਼ਰਮਾ ਨੇ ਤੀਜਾ ਸਥਾਨ ਹਾਸਿਲ ਕੀਤਾ। ਸਾਹੀਵਾਲ ਅਤੇ ਗਿਰ ਨਸਲ ਦੇ ਮੁਕਾਬਲੇ ਵਿਚ ਰਾਜਬੀਰ ਸਿੰਘ ਪਹਿਲੇ, ਰਾਜੇਸ਼ ਕੁਮਾਰ ਦੂਜੇ ਅਤੇ ਮਨਜੀਤ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਹਰਿਆਣਾ ਅਤੇ ਥਾਰਪਾਰਕਰ ਨਸਲ ਦੇ ਮੁਕਾਬਲੇ ਵਿਚ ਅਮਿਤ ਕੁਮਾਰ ਨੇ ਪਹਿਲਾ, ਸਤੀਸ਼ ਕੁਮਾਰ ਨੇ ਦੂਜਾ ਅਤੇ ਗਿਆਨ ਨਾਥ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁੱਕੇ ਪਸ਼ੂਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਐਚ.ਐਫ. ਕਰਾਸ ਵਿਚ ਰਾਜਬੀਰ ਸਿੰਘ, ਨੀਲੀ ਰਾਵੀ ਵਿਚ ਹੈਪੀ, ਹਰਿਆਣਾ ਨਸਲ ਵਿਚ ਦੀਪਾਂਸ਼ੂ, ਥਾਰਪਾਰਕਰ ਵਿਚ ਰਾਮਭਗਤ, ਗਿਰ ਵਿਚ ਸੰਦੀਪ ਕੁਮਾਰ, ਮੁਰ੍ਹਾ ਵਿਚ ਅਨਿਲ ਅਤੇ ਜਰਸੀ ਨਸਲ ਵਿਚ ਕਰਮਜੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਐਚ.ਐਫ. ਕਰਾਸ ਬਿਊਟੀ (ਡਬਲ) ਮੁਕਾਬਲੇ ਵਿਚ ਰਾਜਬੀਰ ਸਿੰਘ ਪਹਿਲੇ, ਕਰਮਜੀਤ ਸਿੰਘ ਦੂਜੇ ਅਤੇ ਰਾਜਬੀਰ ਸਿੰਘ ਤੀਜੇ ਸਥਾਨ ’ਤੇ ਰਹੇ। ਐਚ.ਐਫ. ਕਰਾਸ ਕੇਟੀ (2 ਦੰਦ) ਸ਼੍ਰੇਣੀ ਵਿਚ ਰਾਜਬੀਰ ਸਿੰਘ ਨੇ ਪਹਿਲਾ, ਕਰਮਜੀਤ ਸਿੰਘ ਨੇ ਦੂਜਾ ਅਤੇ ਰਾਜਬੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਰ੍ਹਾ (2 ਦੰਦ) ਸ਼੍ਰੇਣੀ ਵਿਚ ਵਿਜੇਂਦਰ ਸਿੰਘ ਪਹਿਲੇ, ਅਨਿਲ ਦੂਜੇ ਅਤੇ ਸੁਭਾਸ਼ ਤੀਜੇ ਸਥਾਨ ’ਤੇ ਰਹੇ। ਗਿਰ ਨਸਲ ਵਿਚ ਅਨਿਲ ਚੌਹਾਨ ਨੇ ਪਹਿਲਾ ਅਤੇ ਸੰਦੀਪ ਕੁਮਾਰ ਨੇ ਦੂਜਾ ਸਥਾਨ ਹਾਸਿਲ ਕੀਤਾ। ਹਰਿਆਣਾ ਨਸਲ ਵਿਚ ਪ੍ਰਦੀਪ , ਇੰਦਰਜੀਤ ਅਤੇ ਸੋਮਬੀਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਸਾਹੀਵਾਲ ਸ਼੍ਰੇਣੀ ਵਿਚ ਅਨਿਲ ਚੌਹਾਨ, ਅੰਕਿਤ ਅਤੇ ਅਨਿਲ ਚੌਹਾਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਥਾਰਪਾਰਕਰ (2 ਦੰਦ) ਮੁਕਾਬਲੇ ਵਿਚ ਵਿਜੈ ਪਾਲ ਪਹਿਲੇ, ਤ੍ਰਿਕਾਂਤ ਅਹਲਾਵਤ ਦੂਜੇ ਅਤੇ ਵਿਨੋਦ ਚੌਧਰੀ ਤੀਜੇ ਸਥਾਨ ’ਤੇ ਰਹੇ। ਦੁੱਧ ਉਤਪਾਦਨ ਅਤੇ ਹੋਰ ਮੁਕਾਬਲਿਆਂ ਦੇ ਨਤੀਜੇ ਐਚ. ਐਫ. ਕਰਾਸ ਦੁੱਧ ਉਤਪਾਦਨ ਮੁਕਾਬਲੇ ਵਿਚ ਰਵੀ ਸ਼ਰਮਾ ਨੇ 57.08 ਕਿਲੋਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਨੀਰਜ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਰ੍ਹਾ ਸ਼੍ਰੇਣੀ ਵਿਚ ਅਮਿਤ ਨੇ 26.28 ਕਿਲੋਗ੍ਰਾਮ ਦੁੱਧ ਉਤਪਾਦਨ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਸਾਹੀਵਾਲ ਨਸਲ ਵਿਚ ਗੁਰਵਿੰਦਰ ਸਿੰਘ ਨੇ 20.08 ਕਿਲੋਗ੍ਰਾਮ ਦੁੱਧ ਉਤਪਾਦਨ ਕਰਕੇ ਸਭ ਤੋਂ ਵੱਧ ਦੁੱਧ ਦੇਣ ਦਾ ਮਾਣ ਹਾਸਿਲ ਕੀਤਾ। ਬੱਕਰੀ ਸੁੰਦਰਤਾ ਮੁਕਾਬਲੇ ਵਿਚ ਸੋਨੂੰ ਨੇ ਪਹਿਲਾ ਅਤੇ ਦੂਜਾ ਦੋਵੇਂ ਸਥਾਨ ਹਾਸਿਲ ਕੀਤੇ। ਮਹਿਲਾ ਦੁੱਧ ਚੋਣ ਮੁਕਾਬਲੇ ਵਿਚ ਮਧੂ ਨੇ ਪਹਿਲਾ, ਕਮਲੇਸ਼ ਨੇ ਦੂਜਾ ਅਤੇ ਰਾਜਬਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਨੀਰ ਬਣਾਉਣ ਦੇ ਮੁਕਾਬਲੇ ਵਿਚ ਪਿੰਕੀ ਰਾਣੀ ਪਹਿਲੇ, ਬਬੀਤਾ ਦੂਜੇ ਅਤੇ ਰਾਜਬਾਲਾ ਤੀਜੇ ਸਥਾਨ ’ਤੇ ਰਹੀ। ਮੁਰ੍ਹਾ ਦੇ ਦੁੱਧ ਦੇ ਦੰਦਾਂ ਵਾਲੇ ਸੁੰਦਰਤਾ ਮੁਕਾਬਲੇ ਵਿਚ ਹਵਾ ਸਿੰਘ ਨੇ ਪਹਿਲਾ ਅਤੇ ਸਾਹਿਲ ਕਸ਼ਯਪ ਨੇ ਦੂਜਾ ਸਥਾਨ ਹਾਸਿਲ ਕੀਤਾ। ਸਮਾਗਮ ਦੌਰਾਨ ਜੇਤੂ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਹਿਲਾ ਭਾਗੀਦਾਰਾਂ ਦੇ ਹੁਨਰ ਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ। ਤਿੰਨ ਰੋਜ਼ਾ ਮੇਲਾ ਵਿਗਿਆਨਕ ਜਾਣਕਾਰੀ ਦੇ ਆਦਾਨ-ਪ੍ਰਦਾਨ, ਨਵੀਆਂ ਤਕਨੀਕਾਂ ਦੇ ਪ੍ਰਸਾਰ ਅਤੇ ਕਿਸਾਨਾਂ ਤੇ ਵਿਗਿਆਨੀਆਂ ਵਿਚਕਾਰ ਸਿੱਧੇ ਸੰਵਾਦ ਦਾ ਅਹਿਮ ਮੰਚ ਸਾਬਿਤ ਹੋਇਆ। ਇਸ ਨੇ ਵਿਗਿਆਨਕ ਡੇਅਰੀ ਫਾਰਮਿੰਗ, ਪਸ਼ੂਆਂ ਦੀਆਂ ਨਸਲਾਂ ਵਿਚ ਸੁਧਾਰ, ਡੇਅਰੀ ਉਤਪਾਦਾਂ ਦੀ ਗੁਣਵੱਤਾ ਵਧਾਉਣ ਅਤੇ ਮਹਿਲਾਵਾਂ ਦੀ ਡੇਅਰੀ ਉੱਦਮਤਾ ਵਿਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ। ਅੰਤ ਵਿਚ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ ਅਤੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਤੇ ਹੋਰ ਪਤਵੰਤਿਆਂ ਨੂੰ ਵਿਦਾਇਗੀ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਰਦਾਰ 'ਪੰਛੀ' ਅਗਲੀ ਖ਼ਬਰ ਪ੍ਰੀਖਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ- ਡਾ. ਸੁਰਿੰਦਰ ਕੌਰ
Ad Position 24