ਨਕੋਦਰ, 1 ਜਨਵਰੀ (ਤਿਲਕ ਰਾਜ ਸ਼ਰਮਾ)-ਸ਼ਹਿਰ 'ਚ ਟ੍ਰੈਫਿਕ ਸਮੱਸਿਆ ਜੀਅ ਦਾ ਜੰਜਾਲ ਬਣ ਕੇ ਰਹਿ ਗਈ ਹੈ | ਸ਼ਹਿਰ 'ਚ ਭਾਵੇਂ ਹਰ ਰੋਜ਼ ਟ੍ਰੈਫਿਕ ਜਾਮ ਨਾਲ ਲੋਕ ਪ੍ਰੇਸ਼ਾਨੀਆਂ ਝੱਲ ਰਹੇ ਹਨ ਪਰ ਨਵੇਂ ਸਾਲ ਦੇ ਪਹਿਲੇ ਦਿਨ ਟ੍ਰੈਫਿਕ ਜਾਮ ਨੇ ਸਾਰੇ ਰਿਕਾਰਡ ਤੋੜ ਦਿੱਤੇ | ਸਵੇਰੇ 10 ਵਜੇ ਤੋਂ ਸ਼ਾਮ ਤੱਕ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਬਾਹਰਲੀਆਂ ਬਾਈਪਾਸ ਸੜਕਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ | ਸ਼ਹਿਰ 'ਚ ਨੂਰਮਹਿਲ ਰੋਡ, ਪੋਸਟ ਆਫਿਸ ਰੋਡ, ਸ਼ੰਕਰ ਰੋਡ, ਡਾ. ਅੰਬੇਡਕਰ ਚੌਕ ਤੋਂ ਐਮ.ਸੀ. ਚੌਕ, ਐਮ.ਸੀ. ਚੌਕ ਤੋਂ ਦੱਖਣੀ ਗੇਟ, ਸਿਵਲ ਹਸਪਤਾਲ ਰੋਡ, ਜਲੰਧਰ ਰੋਡ, ਹਰ ਪਾਸੇ ਟ੍ਰੈਫਿਕ ਜਾਮ ਨੇ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਲੰਮੀਆਂ ਲਾਈਨਾਂ 'ਚ ਕੀੜੀ ਦੀ ਚਾਲ ਚੱਲਣ ਲਈ ਮਜਬੂਰ ਕਰ ਦਿੱਤਾ | ਹਰ ਪਾਸੇ ਕਾਰਾਂ, ਸਕੂਟਰਾਂ, ਮੋਟਰਸਾਈਕਲਾਂ ਅਤੇ ਦੂਜੇ ਵਾਹਨਾਂ ਦਾ ਜਮਘਟ ਹੀ ਨਜ਼ਰ ਆਇਆ | ਪੈਦਲ ਚੱਲਣ ਵਾਲੇ ਵੀ ਇਸ ਜਾਮ 'ਚ ਫੱਸੇ ਨਜ਼ਰ ਆਏ | ਪੈਦਲ ਚੱਲਣ ਵਾਲੇ ਬੜੀ ਮੁਸ਼ਕਿਲ ਨਾਲ ਇਨ੍ਹਾਂ ਰਸਤਿਆਂ ਦੇ ਨਾਲ ਲੱਗਦੇ ਮੁਹੱਲਿਆਂ ਦੀਆਂ ਗਲੀਆਂ 'ਚੋਂ ਲੰਘਦੇ ਨਜ਼ਰ ਆਏ | ਸ਼ਹਿਰ 'ਚ ਚਾਰੇ ਪਾਸੇ ਟ੍ਰੈਫਿਕ ਜਾਮ ਨੂੰ ਕੰਟਰੋਲ ਕਰਨ ਲਈ ਪੁਲਿਸ ਕਰਮਚਾਰੀ ਕਿਤੇ-ਕਿਤੇ ਹੀ ਨਜ਼ਰ ਆਏ ਜਿਨ੍ਹਾਂ ਨੇ ਬੜੀ ਮੁਸ਼ੱਕਤ ਕੀਤੀ ਪਰ ਟ੍ਰੈਫਿਕ ਸੁਚਾਰੂ ਰੂਪ ਨਾਲ ਨਹੀਂ ਚੱਲ ਸਕਿਆ, ਸਿਰਫ ਟ੍ਰੈਫਿਕ ਸਰਕਦਾ ਹੀ ਰਿਹਾ ਤੇ ਲੋਕਾਂ ਨੂੰ ਇਸ ਟ੍ਰੈਫਿਕ ਤੋਂ ਰਾਹਤ ਲਈ 2 ਤੋਂ 3 ਘੰਟੇ ਵੀ ਲੱਗੇ | ਸ਼ਹਿਰ 'ਚ ਟ੍ਰੈਫਿਕ ਜਾਮ ਕਰਕੇ ਇਸ ਦਾ ਅਸਰ ਦੁਕਾਨਦਾਰਾਂ 'ਤੇ ਵੀ ਪਿਆ | ਇਸ ਟ੍ਰੈਫਿਕ ਜਾਮ ਕਰਕੇ ਦੁਕਾਨਾਂ 'ਤੇ ਗਾਹਕ ਵੀ ਘੱਟ ਵਿਖਾਈ ਦਿੱਤੇ | ਬਹੁਤੇ ਮਾਪੇ, ਜੋ ਆਪਣੇ ਬੱਚਿਆਂ ਨਾਲ ਨਕੋਦਰ ਆਏ ਸਨ, ਟ੍ਰੈਫਿਕ 'ਚ ਪ੍ਰੇਸ਼ਾਨ ਹੋਏ | ਸ਼ਹਿਰ 'ਚ ਹਰ ਪਾਸੇ ਟ੍ਰੈਫਿਕ ਜਾਮ ਦੀ ਚਰਚਾ ਸੀ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਟ੍ਰੈਫਿਕ ਸਮੱਸਿਆ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ | ਪ੍ਰਸ਼ਾਸਨ ਨੇ ਅਜੇ ਤੱਕ ਇਸ ਵਿਕਰਾਲ ਸਮੱਸਿਆ ਦੇ ਹੱਲ ਲਈ ਕੋਈ ਠੋਸ ਨੀਤੀ ਨਹੀਂ ਅਪਣਾਈ | ਸ਼ਹਿਰ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਵੱਖ-ਵੱਖ ਥਾਵਾਂ 'ਤੇ ਟ੍ਰੈਫਿਕ ਪੁਲਿਸ ਦਾ ਪ੍ਰਬੰਧ ਕਰੇ ਤੇ ਹਰ ਉਹ ਉਚਿਤ ਕਦਮ ਚੁੱਕੇ ਜਿਸ ਨਾਲ ਇਹ ਸਮੱਸਿਆ ਹੱਲ ਹੋਵੇ |