13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਜ਼ਿਲ੍ਹਾ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਦਿਲਚਸਪ ਹੋਣ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 04-02-2026

ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਪੰਜਾਬ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਦੇ ਨਾਲ ਹੀ ਜਲੰਧਰ ਜ਼ਿਲ੍ਹੇ ਦੇ ਅਹੁਦੇਦਾਰਾਂ ਦੀ ਵੀ ਚੋਣ ਹੋਣ ਜਾ ਰਹੀ ਹੈ ਤੇ ਇਸ ਸੰਬੰਧੀ ਸੋਮਵਾਰ ਤੋਂ ਆਨਲਾਈਨ ਵੋਟਿੰਗ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਤੇ 2 ਮਾਰਚ ਨੂੰ ਇਸ ਪ੍ਰਕ੍ਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ | ਜਲੰਧਰ ਜ਼ਿਲ੍ਹੇ ਦੇ ਪ੍ਰਧਾਨ, ਜਨਰਲ ਸਕੱਤਰ, ਹਲਕਾ ਪ੍ਰਧਾਨ ਤੇ ਹੋਰਨਾਂ ਅਹੁਦੇਦਾਰਾਂ ਲਈ ਉਮੀਦਵਾਰਾਂ ਅੰਦਰ ਕਾਫ਼ੀ ਜੋਸ਼ ਤੇ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਕਈ ਅਹੁਦਿਆਂ 'ਤੇ ਫਸਵੇਂ ਮੁਕਾਬਲੇ ਹੋਣ ਕਾਰਨ ਇਹ ਚੋਣਾਂ ਕਾਫ਼ੀ ਦਿਲਚਸਪ ਬਣ ਸਕਦੀਆਂ ਹਨ | ਇੱਥੇ ਦੱਸਣਯੋਗ ਹੈ ਕਿ ਜਲੰਧਰ ਸ਼ਹਿਰੀ ਦੇ ਪ੍ਰਧਾਨ ਲਈ ਜਿੱਥੇ ਸਾਬਕਾ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਮੁੜ ਚੋਣ ਮੈਦਾਨ 'ਚ ਹਨ, ਉੱਥੇ ਉਨ੍ਹਾਂ ਦੇ ਮੁਕਾਬਲੇ ਸ਼ੁਭਮ ਅਰੋੜਾ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ ਹਨ | ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅੰਗਦ ਦੱਤਾ ਦਾ ਮੁੜ ਜ਼ਿਲ੍ਹਾ ਪ੍ਰਧਾਨ ਬਣਨਾ ਲਗਭਗ ਤੈਅ ਹੈ ਤੇ ਜ਼ਿਆਦਾਤਰ ਯੂਥ ਕਾਂਗਰਸੀ ਆਗੂ ਤੇ ਵਰਕਰ ਉਨ੍ਹਾਂ ਦੇ ਹੱਕ 'ਚ ਦੱਸੇ ਜਾ ਰਹੇ ਹਨ ਤੇ ਇਸ ਸੰਬੰਧੀ ਦੋਵਾਂ ਉਮੀਦਵਾਰਾਂ ਵਿਚਕਾਰ ਪ੍ਰਧਾਨ ਤੇ ਮੀਤ ਪ੍ਰਧਾਨ ਨੂੰ ਲੈ ਕੇ ਸਹਿਮਤੀ ਵੀ ਬਣਨ ਦਾ ਦਾਅਵਾ ਕੀਤਾ ਜਾ ਰਿਹਾ ਹੈ | ਉੱਧਰ ਜਲੰਧਰ ਦਿਹਾਤੀ ਦੇ ਪ੍ਰਧਾਨ ਲਈ ਸੌਰਭ ਉੱਪਲ, ਮਨਪ੍ਰੀਤ ਸਿੰਘ ਚੱਢਾ ਤੇ ਸਤਨਾਮ ਸਿੰਘ ਚੋਣ ਮੈਦਾਨ ਵਿਚ ਹਨ | ਇਸੇ ਤਰ੍ਹਾਂ ਜਲੰਧਰ ਸ਼ਹਿਰੀ ਦੇ 6 ਜਨਰਲ ਸਕੱਤਰਾਂ ਦੀ ਚੋਣ ਲਈ 10 ਉਮੀਦਵਾਰ ਚੋਣ ਮੈਦਾਨ 'ਚ ਹਨ | ਹਾਲਾਂਕਿ ਹਾਰਨ ਵਾਲੇ ਉਮੀਦਵਾਰਾਂ ਦਾ ਸਕੱਤਰ ਬਣਨਾ ਤੈਅ ਹੈ, ਪਰ ਫਿਰ ਵੀ ਸਾਰੇ ਉਮੀਦਵਾਰਾਂ ਵਲੋਂ ਚੋਣਾਂ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ | ਇਸ ਦੌਰਾਨ ਜ਼ਿਲ੍ਹੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਤੋਂ ਇਲਾਵਾ ਬਲਾਕ ਪ੍ਰਧਾਨਾਂ ਦੀ ਵੀ ਚੋਣ ਕੀਤੀ ਜਾਣੀ ਹੈ ਤੇ ਇਨ੍ਹਾਂ ਅਹੁਦਿਆਂ ਲਈ ਵੀ ਯੂਥ ਆਗੂਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇੱਥੇ ਜ਼ਿਕਰਯੋਗ ਹੈ ਕਿ ਜਲੰਧਰ ਛਾਉਣੀ ਹਲਕੇ ਲਈ ਰਣਬੀਰ ਸਿੰਘ ਤੇ ਬੌਬੀ ਮਲਹੋਤਰਾ ਵਿਚਕਾਰ ਮੁਕਾਬਲਾ ਹੋ ਰਿਹਾ ਹੈ, ਜਦਕਿ ਜਲੰਧਰ ਕੇਂਦਰੀ ਹਲਕੇ ਦੀ ਪ੍ਰਧਾਨਗੀ ਲਈ ਰਾਹੁਲ
ਗੰਭੀਰ ਤੇ ਗਗਨਦੀਪ ਮੁਕਾਬਲੇ ਵਿਚ ਹਨ | ਇਸੇ ਤਰ੍ਹਾਂ ਜਲੰਧਰ ਪੱਛਮੀਂ ਹਲਕੇ ਤੋਂ ਲਗਭਗ ਦੀਪੂ ਦਾ ਜਿੱਤਣਾ ਤੈਅ ਮੰਨਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਹਲਕੇ ਤੋਂ ਉਹ ਇਕੱਲੇ ਹੀ ਦਾਅਵੇਦਾਰ ਹਨ | ਉੱਧਰ ਉੱਤਰੀ ਹਲਕੇ ਦੀ ਪ੍ਰਧਾਨਗੀ ਲਈ ਕਰਨ ਕਪੂਰ ਤੇ ਹਿਮਾਂਸ਼ੂ ਵਿਚਕਾਰ ਕਾਫ਼ੀ ਸਖਤ ਮੁਕਾਬਲਾ ਦੱਸਿਆ ਜਾ ਰਿਹਾ ਹੈ | ਚਰਚਾ ਹੈ ਕਿ ਕਰਨ ਕਪੂਰ ਦੀ ਹਮਾਇਤ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਦੇ ਧੜੇ ਵਲੋਂ ਕੀਤੀ ਜਾ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਹੈਨਰੀ ਧੜਾ ਆਪਣੇ ਉਮੀਦਵਾਰ ਨੂੰ ਜਿਤਾਉਣ 'ਚ ਕਿੰਨਾ ਕੁ ਸਫ਼ਲ ਹੁੰਦਾ ਹੈ | ਇਸ ਦੌਰਾਨ ਜਲੰਧਰ ਸ਼ਹਿਰੀ ਦੇ ਜਨਰਲ ਸਕੱਤਰ ਲਈ ਮਾਨਵ ਕਲਿਆਣ, ਸ਼ਿਵਮ ਪਾਠਕ, ਸਤਿਅਮ ਜੈਰਥ, ਨਵਜੋਤ ਗਾਬਾ ਆਦਿ ਉਮੀਦਵਾਰ ਜਿੱਥੇ ਚੋਣ ਮੈਦਾਨ ਵਿਚ ਹਨ, ਉੱਥੇ ਜਲੰਧਰ ਛਾਉਣੀ ਬਲਾਕ 1 ਦੀ ਪ੍ਰਧਾਨਗੀ ਲਈ ਚੋਣ ਲੜ ਰਹੇ ਹਨ | ਉੱਧਰ ਦਿਹਾਤੀ ਹਲਕੇ ਨਕੋਦਰ ਦੀ ਪ੍ਰਧਾਨਗੀ ਲਈ ਜਿੱਥੇ 15 ਉਮੀਦਵਾਰ ਚੋਣ ਮੈਦਾਨ 'ਚ ਹਨ, ਉੱਥੇ ਕਰਤਾਰਪੁਰ 'ਚ ਦੋ ਉਮੀਦਵਾਰਾਂ ਵਿਚਕਾਰ ਸਿੱਧੀ ਟੱਕਰ ਦੱਸੀ ਜਾ ਰਹੀ ਹੈ | ਇਸੇ ਤਰ੍ਹਾਂ ਆਦਮਪੁਰ 'ਚ 7 ਤੇ ਫਿਲੌਰ 'ਚ 5 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਜਦਕਿ ਸ਼ਾਹਕੋਟ 'ਚ ਕੇਵਲ ਇਕੋ ਹੀ ਉਮੀਦਵਾਰ ਵਲੋਂ ਨਾਮਜ਼ਦਗੀ ਭਰੀ ਗਈ ਦੱਸੀ ਜਾ ਰਹੀ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਦਾ ਜਿੱਤਣਾ ਤੈਅ ਹੈ | ਇਸੇ ਤਰ੍ਹਾਂ ਬਲਾਕ ਪ੍ਰਧਾਨਾਂ ਦੀ ਚੋਣ ਲਈ ਵੀ ਉਮੀਦਵਾਰਾਂ ਵਲੋਂ ਆਪੋ ਆਪਣੇ ਪੱਧਰ 'ਤੇ ਲਾਬਿੰਗ ਕੀਤੀ ਜਾ ਰਹੀ ਹੈ | ਓਧਰ ਇਨ੍ਹਾਂ ਚੋਣਾਂ 'ਚ ਬੇਸ਼ੱਕ ਸੀਨੀਅਰ ਕਾਂਗਰਸੀ ਆਗੂ ਖੁੱਲ੍ਹ ਕੇ ਆਪਣੇ ਉਮੀਦਵਾਰਾਂ ਦੇ ਸਮਰਥਨ 'ਚ ਨਹੀਂ ਆ ਰਹੇ ਪਰ ਅੰਦਰਖਾਤੇ ਉਨ੍ਹਾਂ ਵਲੋਂ ਆਪੋ-ਆਪਣੇ ਧੜੇ ਦੇ ਉਮੀਦਵਾਰਾਂ ਦੇ ਹੱਕ 'ਚ ਪੂਰੀ ਲਾਬਿੰਗ ਕੀਤੀ ਜਾ ਰਹੀ ਹੈ ਤੇ ਵੋਟਾਂ ਵੀ ਭੁਗਤਾਉਣ ਦਾ ਯਤਨ ਕੀਤਾ ਜਾ ਰਿਹਾ ਹੈ | ਇੱਥੇ ਦੱਸਣਯੋਗ ਹੈ ਕਿ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਲਈ ਆਨਲਾਈਨ ਵੋਟਿੰਗ 2 ਮਾਰਚ ਤੱਕ ਹੋਵੇਗੀ ਤੇ 18 ਤੋਂ 35 ਸਾਲ ਤੱਕ ਦੇ ਨੌਜਵਾਨ 75 ਰੁਪਏ ਦੀ ਫੀਸ ਨਾਲ ਆਪਣੀ ਵੋਟ ਪਾ ਸਕਣਗੇ |
ਯੂਥ ਕਾਂਗਰਸ ਦੀ ਮੈਂਬਰਸ਼ਿਪ ਵੀ ਨਾਲ-ਨਾਲ ਚੱਲੇਗੀ
ਜਲੰਧਰ-ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਪ੍ਰਕ੍ਰਿਆ ਦੇ ਨਾਲ-ਨਾਲ ਮੈਂਬਰਸ਼ਿਪ ਮੁਹਿੰਮ ਵੀ ਨਾਲ ਹੀ ਚੱਲੇਗੀ | ਵੋਟ ਪਾਉਣ ਤੋਂ ਪਹਿਲਾਂ ਨੌਜਵਾਨਾਂ ਨੂੰ ਯੂਥ ਕਾਂਗਰਸ ਦੀ ਮੈਂਬਰਸ਼ਿਪ ਲੈਣੀ ਪਵੇਗੀ ਤੇ ਫਿਰ ਉਹ ਆਪਣੀ ਵੋਟ ਪਾ ਸਕਣਗੇ | ਇਸ ਤਰ੍ਹਾਂ ਯੂਥ ਕਾਂਗਰਸ ਦੀ ਮੈਂਬਰਸ਼ਿਪ ਮੁਹਿੰਮ ਵੀ ਚੋਣ ਪ੍ਰਕ੍ਰਿਆ ਦੇ ਨਾਲ-ਨਾਲ ਚੱਲੇਗੀ | ਇਸ ਸੰਬੰਧੀ ਗੱਲ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਨੇ ਕਿਹਾ ਕਿ ਮੈਂਬਰਸ਼ਿਪ ਪ੍ਰਤੀ ਨੌਜਵਾਨ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਵਾਰ ਮੈਂਬਰਸ਼ਿਪ ਉਮੀਦ ਤੋਂ ਕਿਤੇ ਵੱਧ ਹੋਵੇਗੀ | ਉਨ੍ਹਾਂ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦਾ ਹਿੱਸਾ ਬਣਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਯੂਥ ਕਾਂਗਰਸ ਦਾ ਹਿੱਸਾ ਬਣਨਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਠੇਕਾ ਮੁਲਾਜ਼ਮ ਵਲੋਂ 7 ਦੀ ਦਿੜ੍ਹਬਾ ਰੈਲੀ 'ਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦਾ ਐਲਾਨ <br/> ਅਗਲੀ ਖ਼ਬਰ ਵਰਿਆਣਾ ਡੰਪ 'ਤੇ ਕੂੜਾ ਸੁੱਟਣ ਜਾ ਰਹੀਆਂ ਗੱਡੀਆਂ ਨੂੰ ਲੋਕਾਂ ਨੇ ਧਰਨਾ ਲਗਾ ਕੇ ਰੋਕਿਆ, ਲੱਗਾ ਜਾਮ
Ad Position 24