ਜਲੰਧਰ, 3 ਫਰਵਰੀ (ਐੱਮ. ਐੱਸ. ਲੋਹੀਆ) - ਹਰ ਸਾਲ 4 ਫ਼ਰਵਰੀ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਕੈਂਸਰ ਦਿਵਸ ਸਾਨੂੰ ਯਾਦ ਰੱਖਣ ਲਈ ਕਹਿੰਦਾ ਹੈ ਕਿ ਹਰ ਮਰੀਜ਼ ਦੇ ਪਿੱਛੇ ਇਕ ਇਨਸਾਨ ਹੁੰਦਾ ਹੈ, ਇਕ ਪਰਿਵਾਰ ਹੁੰਦਾ ਹੈ ਅਤੇ ਇਕ ਅਜਿਹੀ ਜ਼ਿੰੰਦਗੀ ਹੁੰਦੀ ਹੈ ਜੋ ਇਸ ਬਿਮਾਰੀ ਨਾਲ ਬਦਲ ਜਾਂਦੀ ਹੈ | ਇਹ ਸਾਰਾ ਕੁਝ ਇਸ ਤਰ੍ਹਾਂ ਬਦਲਦਾ ਹੈ ਕਿ ਕੋਈ ਵੀ ਰਿਪੋਰਟ ਪੂਰੀ ਤਰ੍ਹਾਂ ਇਸ ਬਦਲਾਅ ਨੂੰ ਨਹੀਂ ਫੜ ਸਕਦੀ | ਕੈਂਸਰ ਹਰ ਕਿਸੇ ਲਈ ਇਕੋ ਤਰੀਕੇ ਨਾਲ ਨਹੀਂ ਆਉਂਦਾ, ਕਿਸੇ ਨੂੰ ਅਚਾਨਕ ਇਸ ਦਾ ਪਤਾ ਲੱਗਦਾ ਹੈ, ਤੇ ਕਿਸੇ ਨੂੰ ਸਾਲਾਂ ਤੱਕ ਇਸਦਾ ਅਹਿਸਾਸ ਵੀ ਨਹੀਂ ਹੁੰਦਾ | ਇਹੀ ਕਾਰਨ ਹੈ ਕਿ ਇਸ ਸਾਲ ਦਾ ਥੀਮ, ਯੂਨਾਈਟਿਡ ਬਾਏ ਯੂਨੀਕ, ਖ਼ਾਸ ਤੌਰ 'ਤੇ ਢੁਕਵਾਂ ਮਹਿਸੂਸ ਹੁੰਦਾ ਹੈ | ਹਰ ਯਾਤਰਾ ਵੱਖਰੀ ਹੈ, ਫਿਰ ਵੀ ਸਾਡੀ ਸਾਂਝੀ ਜ਼ਿੰੰਮੇਵਾਰੀ ਸਪੱਸ਼ਟ ਰਹਿੰਦੀ ਹੈ | ਸਾਨੂੰ ਆਪਣਾ ਹਰ ਸੰਭਵ ਹੀਲਾਵਸੀਲਾ ਵਰਤਦੇ ਹੋਏ ਇਸ ਨੂੰ ਰੋਕਣਾ ਚਾਹੀਦਾ ਹੈ ਅਤੇ ਕੈਂਸਰ ਦਾ ਪਤਾ ਜਲਦੀ ਲਗਾਉਣਾ ਚਾਹੀਦਾ ਹੈ, ਤਾਂ ਹੀ ਜਲਦੀ ਇਲਾਜ ਦੀ ਸੰਭਾਵਨਾ ਵੱਧ ਜਾਂਦੀ ਹੈ | ਇਹ ਵਿਚਾਰ ਪੇਸ਼ ਕਰਦੇ ਹੋਏ ਫੋਰਟਿਸ ਜਲੰਧਰ ਦੇ ਕਨਸਲਟੈਂਟ ਸਰਜੀਕਲ ਅੋਨਕੋਲੋਜੀ ਡਾ. ਅਰੁਣ ਸ਼ਰਮਾ ਨੇ ਕਿਹਾ ਕਿ ਭਾਰਤ 'ਚ, ਕੈਂਸਰ ਹੁਣ ਕੋਈ ਅਨੋਖੀ ਜਾਂ ਦੁਰਲੱਭ ਬਿਮਾਰੀ ਨਹੀਂ ਹੈ | ਅੱਜ ਲਗਭਗ 25 ਲੱਖ ਲੋਕ ਇਸ ਬਿਮਾਰੀ ਨਾਲ ਜੀਅ ਰਹੇ ਹਨ | ਹਰ ਸਾਲ, 7 ਲੱਖ ਤੋਂ ਵੱਧ ਨਵੇਂ ਕੇਸ ਸ਼ਾਮਲ ਹੁੰਦੇ ਹਨ ਅਤੇ 5.5 ਲੱਖ ਤੋਂ ਵੱਧ ਜਾਨਾਂ ਜਾਂਦੀਆਂ ਹਨ | ਅਕਸਰ ਜੋ ਗੱਲ ਸਾਡੇ ਧਿਆਨ 'ਚ ਨਹੀਂ ਆਉਂਦੀ ਉਹ ਇਹ ਹੈ ਕਿ ਇਨ੍ਹਾਂ 'ਚੋਂ ਜ਼ਿਆਦਾ ਤਰ ਮੌਤਾਂ 30 ਤੋਂ 69 ਸਾਲ ਦੀ ਉਮਰ ਦੇ ਲੋਕਾਂ 'ਚ ਹੁੰਦੀਆਂ ਹਨ | ਇਹ ਅਸਲ 'ਚ ਉਨ੍ਹਾਂ ਦੇ ਕੰਮ ਕਰਨ ਵਾਲੇ ਸਾਲ ਹੁੰਦੇ ਹਨ, ਜਦੋਂ ਵਿਅਕਤੀ ਪਰਿਵਾਰ, ਕਰੀਅਰ ਅਤੇ ਭਵਿੱਖ ਬਣਾ ਰਹੇ ਹੁੰਦੇ ਹਨ | ਜਦੋਂ ਕੈਂਸਰ ਇਸ ਪੜਾਅ 'ਤੇ ਹਮਲਾ ਕਰਦਾ ਹੈ, ਤਾਂ ਇਸ ਦਾ ਪ੍ਰਭਾਵ ਮਰੀਜ਼ ਤੋਂ ਬਹੁਤ ਦੂਰ ਤੱਕ ਫੈਲ ਜਾਂਦਾ ਹੈ | ਉਸ ਦਾ ਪੂਰਾ ਪਰਿਵਾਰ ਵੀ ਇਸ ਦੀ ਮਾਰ ਹੇਠ ਆ ਜਾਂਦਾ ਹੈ | ਡਾ. ਅਰੁਣ ਸ਼ਰਮਾ ਨੇ ਕਿਹਾ ਕਿ ਇਕ ਕੈਂਸਰ ਸਰਜਨ ਹੋਣ ਦੇ ਨਾਤੇ, ਉਨ੍ਹਾਂ ਨੂੰ ਲਗਾਤਾਰ ਯਾਦ ਦਿਵਾਇਆ ਜਾਂਦਾ ਹੈ ਕਿ ਕੈਂਸਰ ਕਦੇ ਵੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ | ਕੁਝ ਕੈਂਸਰ ਆਪਣੇ ਆਪ ਨੂੰ ਜਲਦੀ ਅਤੇ ਸਪੱਸ਼ਟ ਤੌਰ 'ਤੇ ਪ੍ਰਗਟ ਕਰਦੇ ਹਨ ਅਤੇ ਕੁਝ ਦੇਰ ਤੱਕ ਲੁਕੇ ਰਹਿੰਦੇ ਹਨ, ਜਦੋਂ ਤੱਕ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਨਾ ਆਸਾਨ ਨਹੀਂ ਰਹਿ ਜਾਂਦਾ, ਉਹ ਚੁੱਪਚਾਪ ਵਧਦੇ ਰਹਿੰਦੇ ਹਨ | ਅਕਸਰ, ਜੋ ਮਾਮੂਲੀ ਜਾਂ ਪ੍ਰਬੰਧਨ ਯੋਗ ਜਾਪਦਾ ਹੈ ਉਹ ਕੁਝ ਹੋਰ ਵੀ ਗੰਭੀਰ ਹੋ ਜਾਂਦਾ ਹੈ | ਇਕ ਮਰੀਜ਼ ਜਿਸਦਾ ਉਨ੍ਹਾਂ ਵਲੋਂ ਹਾਲ ਹੀ 'ਚ ਇਲਾਜ ਕੀਤਾ ਗਿਆ ਹੈ ਉਹ ਇਸ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ | ਉਨ੍ਹਾਂ ਦੱਸਿਆ ਕਿ ਇਕ 56 ਸਾਲਾ ਔਰਤ ਲਗਾਤਾਰ ਪਿੱਠ ਦਰਦ ਨਾਲ ਹਸਪਤਾਲ ਆਈ | ਇਹ ਇੰਨਾ ਗੰਭੀਰ ਨਹੀਂ ਸੀ ਕਿ ਉਸ ਨੂੰ ਪਹਿਲਾਂ ਤੋਂ ਚਿੰਤਾ ਹੋਵੇ | ਕੋਈ ਸਾਫ਼ ਦਿਖਾਈ ਦੇਣ ਵਾਲੀ ਗੰਢ ਵੀ ਨਹੀਂ ਸੀ, ਅਚਾਨਕ ਕੋਈ ਭਾਰ ਵੀ ਨਹੀਂ ਘਟਿਆ ਸੀ, ਉਸਦੀ ਸਿਹਤ 'ਚ ਕੋਈ ਨਾਟਕੀ ਤਬਦੀਲੀ ਨਹੀਂ ਆਈ | ਬਹੁਤ ਸਾਰੇ ਲੋਕਾਂ ਵਾਂਗ, ਉਸਨੇ ਆਪਣੇ ਆਪ ਦਰਦ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ, ਇਹ ਮੰਨ ਕੇ ਕਿ ਇਹ ਉਮਰ ਨਾਲ ਸੰਬੰਧਿਤ ਹੈ, ਜਾਂ ਕੋਈ ਨਸ ਚੜ੍ਹ ਗਈ ਹੋਣੀ ਹੈ | ਆਖਿਰ ਜਦੋਂ ਜਾਂਚ ਕੀਤੀ ਗਈ, ਤਾਂ ਨਤੀਜਾ ਕੁਝ ਹੋਰ ਹੀ ਨਿਕਲਿਆ, ਉਸਨੂੰ ਇਕ ਦੁਰਲੱਭ ਬਿਮਾਰੀ ਸੀ, ਜਿਸ 'ਚ ਇਕ ਟਿਊਮਰ ਗੁਰਦੇ ਨਾਲ ਜੁੜਿਆ ਹੋਇਆ ਸੀ, ਜਿਸ ਕਾਰਨ ਸਰਜਰੀ ਤਕਨੀਕੀ ਤੌਰ 'ਤੇ ਮਹਾਰਤ ਨਾਲ ਕਰਨ ਵਾਲੀ ਅਤੇ ਬਹੁਤ ਖ਼ਤਰੇ ਵਾਲੀ ਸੀ | ਇਸ ਤਰ੍ਹਾਂ ਦਾ ਕੈਂਸਰ ਬਹੁਤ ਘੱਟ ਹੁੰਦਾ ਹੈ ਅਤੇ ਅਕਸਰ ਦੇਰ ਨਾਲ ਪਤਾ ਲੱਗਦਾ ਹੈ, ਕਿਉਂਕਿ ਇਹ ਬਿਨਾਂ ਕਿਸੇ ਸਪੱਸ਼ਟ ਸ਼ੁਰੂਆਤੀ ਚੇਤਾਵਨੀ ਸੰਕੇਤਾਂ ਦੇ ਚੁੱਪਚਾਪ ਵਧਦਾ ਰਹਿੰਦਾ ਹੈ | ਸਾਵਧਾਨੀ ਅਤੇ ਯੋਜਨਾਬੰਦੀ ਕਰਨ ਤੋਂ ਬਾਅਦ ਉਸ ਦੀ ਇਕ ਮੁਸ਼ਕਿਲ ਸਰਜਰੀ ਕੀਤੀ ਗਈ, ਜਿਸ 'ਚ ਗੁਰਦੇ ਅਤੇ ਆਲੇ ਦੁਆਲੇ ਦੇ ਮਹੱਤਵਪੂਰਨ ਅੰਗਾਂ ਨੂੰ ਸੁਰੱਖਿਅਤ ਰੱਖਦੇ ਹੋਏ ਨਾੜੀ ਦੇ ਪ੍ਰਭਾਵਿਤ ਹਿੱਸੇ ਨੂੰ ਹਟਾ ਦਿੱਤਾ ਗਿਆ | ਆਪ੍ਰੇਸ਼ਨ ਪੂਰੀ ਤਰ੍ਹਾਂ ਸਫ਼ਲ ਰਿਹਾ ਅਤੇ ਉਸ ਨੂੰ ਲੰਬੇ ਸਮੇਂ ਲਈ ਬਚਾਅ ਨਾਲ ਇਕ ਨਵੀਂ ਜ਼ਿੰਦਗੀ ਮਿਲੀ | ਇਹ ਅਨੁਭਵ ਇਕ ਯਾਦ ਦਿਵਾਉਂਦਾ ਹੈ ਕਿ ਸਰੀਰ ਅਕਸਰ ਉੱਚੀ ਚੀਕਣ ਤੋਂ ਪਹਿਲਾਂ ਹੌਲੀ ਹੌਲੀ ਬੋਲਦਾ ਹੈ | ਲਗਾਤਾਰ ਦਰਦ, ਭਾਵੇਂ ਇਹ ਆਮ ਮਹਿਸੂਸ ਹੋਵੇ, ਪਰ ਤੁਰੰਤ ਧਿਆਨ ਦੇਣਾ ਜਰੂਰੀ ਹੈ | ਡਾ. ਸ਼ਰਮਾ ਨੇ ਕਿਹਾ ਕਿ ਕੈਂਸਰ ਤੋਂ ਬਚਾਅ ਲਈ ਉਸ ਦੀ ਜਲਦ ਪਛਾਣ ਹੋਣੀ ਜ਼ਰੂਰੀ ਹੈ |