ਜਲੰਧਰ, 4 ਫਰਵਰੀ (ਜਸਪਾਲ ਸਿੰਘ)- ਸੀਨੀਅਰ ਭਾਜਪਾ ਆਗੂ ਸ੍ਰੀ ਸ਼ੈਲੀ ਸਹਿਜਪਾਲ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਲੋਕ ਪੱਖੀ ਦੱਸਦੇ ਹੋਏ ਕਿਹਾ ਕਿ ਇਹ ਬਜਟ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦੇਵੇਗਾ | ਉਨ੍ਹਾਂ ਕਿਹਾ ਕਿ ਇਸ ਬਜਟ 'ਚ ਹਰ ਵਰਗ ਦਾ ਖਿਆਲ ਰੱਖਿਆ ਗਿਆ ਹੈ ਤੇ ਖਾਸ ਕਰਕੇ ਇਹ ਬਜਟ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਾਲਾ ਹੈ ਤੇ ਇਸ ਨਾਲ ਅੰਨ੍ਹੇਵਾਹ ਹੋ ਰਹੇ ਪਰਵਾਸ ਨੂੰ ਰੋਕਣ 'ਚ ਵੀ ਮਦਦ ਮਿਲੇਗੀ | ਜਟ 'ਚ ਸੂਬੇ ਦੀ ਕਿਸਾਨੀ ਲਾਹੇਵੰਦ ਬਣਾਉਣ ਲਈ ਵੀ ਸਰਕਾਰ ਵਲੋਂ ਅਨੇਕਾਂ ਕਦਮ ਚੁੱਕੇ ਗਏ ਹਨ | ਸ੍ਰੀ ਸ਼ੈਲੀ ਸਹਿਜਪਾਲ ਨੇ ਕਿਹਾ ਕਿ ਬਜਟ 'ਚ ਸਿਹਤ ਤੇ ਸਿੱਖਿਆ ਲਈ ਵੀ ਵੱਡੀ ਰਾਸ਼ੀ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਬਜਟ ਛੋਟੇ ਉਦਯੋਗਪਤੀਆਂ ਨੂੰ ਉਤਸ਼ਾਹਿਤ ਕਰਨ ਵਾਲਾ ਹੈ ਤੇ ਉਨ੍ਹਾਂ ਨੂੰ ਵਪਾਰ ਲਈ ਨਵੀਆਂ ਮੰਡੀਆਂ ਵੀ ਮਿਲਣਗੀਆਂ | ਉਨ੍ਹਾਂ ਬਜਟ ਨੂੰ ਮੱਧ ਵਰਗ ਲਈ ਫਾਇਦੇਮੰਦ ਦੱਸਦੇ ਹੋਏ ਕਿਹਾ ਕਿ ਬਜਟ 'ਚ ਆਰਥਿਕਾਂ ਸੰਬੰਧੀ ਚੁੱਕੇ ਗਏ ਕਦਮਾਂ ਨਾਲ ਮਹਿੰਗਾਈ ਨੂੰ ਲਗਾਮ ਲੱਗੇਗੀ ਤੇ ਰਸੋਈ ਵੀ ਸਸਤੀ ਹੋਵੇਗੀ |