ਜਲੰਧਰ, 20 ਫਰਵਰੀ (ਸ਼ੈਲੀ) - ਜਲੰਧਰ ਦੇ ਸਿਵਲ ਹਸਪਤਾਲ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਆਟੋ ਚਾਲਕ ਤੇ ਇੱਕ ਟਰੈਫਿਕ ਪੁਲਿਸ ਅਧਿਕਾਰੀ ਵਿਚਕਾਰ ਚਲਾਨ ਨੂੰ ਲੈਕੇ ਬਹਿਸ ਹੋ ਗਈ | ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਇੱਕ ਆਟੋ ਚਾਲਕ ਭਗਵਾਨ ਵਾਲਮੀਕਿ ਚੌਕ ਰਾਹੀਂ ਸਿਵਲ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਛੱਡਣ ਗਿਆ ਅਤੇ ਜਦੋਂ ਉਹ ਮਰੀਜ਼ ਨੂੰ ਛੱਡ ਕੇ ਬਾਹਰ ਆਇਆ ਤਾਂ ਟਰੈਫਿਕ ਪੁਲਿਸ ਅਧਿਕਾਰੀ ਨੇ ਉਸ ਨੂੰ ਰੋਕ ਲਿਆ | ਆਟੋ ਡਰਾਈਵਰ ਦਾ ਕਹਿਣਾ ਹੈ ਕਿ ਜਿਵੇਂ ਹੀ ਉਸਨੇ ਮਰੀਜ਼ ਨੂੰ ਛੱਡਿਆ, ਪੁਲਿਸ ਨੇ ਉਸਦਾ ਆਟੋ ਰੋਕਿਆ ਤੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਸਥਿਤੀ ਵਿਗੜ ਗਈ | ਮੌਕੇ 'ਤੇ ਥਾਣਾ 4 ਦੀ ਪੁਲਿਸ ਪਹੁੰਚੀ ਤੇ ਆਟੋ ਨੂੰ ਪੁਲਿਸ ਸਟੇਸ਼ਨ ਲਿਜਾਣ ਲਗੇ ਜਿਸ ਦਾ ਆਟੋ ਚਾਲਕ ਨੇ ਵਿਰੋਧ ਕੀਤਾ ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮੀ ਹੋ ਗਈ | ਇਸ ਦੌਰਾਨ ਸ਼ਹਿਰ ਦੇ ਕੁਝ ਪਤਵੰਤੇ ਪਹੁੰਚੇ ਤੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ, ਸਥਿਤੀ ਨੂੰ ਸ਼ਾਂਤ ਕੀਤਾ | ਲੰਬੇ ਸਮੇਂ ਤੱਕ ਹੰਗਾਮੇ ਤੋਂ ਬਾਅਦ, ਸਥਿਤੀ ਸ਼ਾਂਤ ਹੋ ਗਈ |