ਜਲੰਧਰ, 20 ਫਰਵਰੀ (ਸ਼ਿਵ)- ਐੱਚ. ਪੀ. ਐਲ. ਕੰਪਨੀ ਨੇ ਸ਼ਹਿਰ ਵਿਚ 30 ਹਜ਼ਾਰ ਤੋਂ ਜ਼ਿਆਦਾ ਐਲ. ਈ. ਡੀ. ਲਾਈਟਾਂ ਦੀ ਸੰਭਾਲ ਦੇ ਕੰਮ ਬਾਰੇ ਨਿਗਮ ਨਾਲ ਸਮਝੌਤਾ ਕਰਨ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਹੈ | ਐੱਚ. ਪੀ. ਐਲ. ਕੰਪਨੀ ਨੇ ਕੁੱਝ ਦਿਨ ਪਹਿਲਾਂ ਹੀ ਨਿਗਮ ਨਾਲ ਸਮਝੌਤਾ ਕੀਤਾ ਹੈ | ਕੰਪਨੀ ਹੁਣ ਤੱਕ 70 ਹਜ਼ਾਰ ਤੋਂ ਜ਼ਿਆਦਾ ਐੱਲ. ਈ. ਡੀ. ਲਾਈਟਾਂ ਦੀ ਸੰਭਾਲ ਦਾ ਕੰਮ ਕਰ ਰਹੀ ਸੀ ਤੇ ਹੁਣ ਸੰਭਾਲ ਕਰਨ ਵਾਲੀਆਂ ਲਾਈਟਾਂ ਦੀ ਗਿਣਤੀ 1 ਲੱਖ ਤੋਂ ਵੀ ਟੱਪ ਗਈ ਹੈ | ਨਿਗਮ ਨੇ ਐੱਚ. ਪੀ. ਐਲ. ਕੰਪਨੀ ਨੂੰ 30 ਹਜ਼ਾਰ ਤੋਂ ਜ਼ਿਆਦਾ ਲਾਈਟਾਂ ਦੀ ਸੰਭਾਲ ਦਾ ਕੰਮ ਦਿੱਤਾ ਹੈ | ਇਨ੍ਹਾਂ ਵਿਚ ਉਹ ਲਾਈਟਾਂ ਹਨ ਜਿਹੜੀਆਂ ਕਿ ਇੱਕ ਪੁਰਾਣੀ ਛੱਡ ਕੇ ਗਈ ਕੰਪਨੀ ਦੀਆਂ 5500 ਲਾਈਟਾਂ ਤੋਂ ਇਲਾਵਾ ਸੰਸਦ ਤੇ ਵਿਧਾਇਕ ਫ਼ੰਡ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਵੱਲੋਂ ਵੀ ਲਾਈਟਾਂ ਫ਼ੰਡਾਂ 'ਚੋਂ ਲਗਵਾਈਆਂ ਗਈਆਂ ਹਨ | ਹੁਣ ਤੱਕ ਇਨ੍ਹਾਂ ਲਾਈਟਾਂ ਦੀ ਸੰਭਾਲ ਦਾ ਕੰਮ ਕਿਸੇ ਵੀ ਕੰਪਨੀ ਵੱਲੋਂ ਨਹੀਂ ਕੀਤਾ ਜਾ ਰਿਹਾ ਸੀ | 30 ਹਜ਼ਾਰ ਲਾਈਟਾਂ ਵਿਚੋਂ 10 ਹਜ਼ਾਰ ਤੋਂ ਜ਼ਿਆਦਾ ਲਾਈਟਾਂ ਬੰਦ ਪਈਆਂ ਹਨ | ਨਿਗਮ ਨਾਲ ਸਮਝੌਤਾ ਹੋਣ ਤੋਂ ਬਾਅਦ ਲਾਈਟਾਂ ਦੀ ਸੰਭਾਲ ਦਾ ਕੰਮ ਕਰਨ ਵਾਲੀਆਂ ਟੀਮਾਂ ਦੀ ਗਿਣਤੀ ਵੀ 25 ਤੋਂ 34 ਕਰ ਦਿੱਤੀ ਗਈ ਹੈ | ਨਗਰ ਨਿਗਮ ਨੇ ਕੰਪਨੀ ਨੂੰ ਹਦਾਇਤ ਦਿੱਤੀ ਹੈ ਕਿ ਉਹ ਸਮਝੌਤਾ ਹੋਣ ਤੋਂ ਬਾਅਦ ਹੁਣ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਨੂੰ ਚੱਲਦਾ ਕਰੇ | ਐੱਚ. ਪੀ. ਐਲ. ਕੰਪਨੀ ਦੇ ਪ੍ਰਾਜੈਕਟ ਮੈਨੇਜਰ ਸ੍ਰੀ ਰਾਮ ਦਾਹੀਆ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ 25 ਮਾਰਚ ਤੋਂ ਪਹਿਲਾਂ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਚੱਲਦੀਆਂ ਕਰ ਦਿੱਤੀਆਂ ਜਾਣਗੀਆਂ | ਕੰਪਨੀ ਵੱਲੋਂ ਇਸ ਕੰਮ ਲਈ ਪਹਿਲਾਂ ਹੀ ਇੱਕ ਮਸ਼ੀਨਰੀ ਦੀ ਖ਼ਰੀਦ ਕੀਤੀ ਗਈ ਹੈ | ਸਾਰੀਆਂ ਲਾਈਟਾਂ ਚੱਲਦੀਆਂ ਕਰਨ ਤੋਂ ਬਾਅਦ ਮੇਅਰ ਵਨੀਤ ਧੀਰ ਟੀਮ ਦੇ ਨਾਲ ਸਾਰੇ ਸ਼ਹਿਰ ਦਾ ਦੌਰਾ ਕਰਨਗੇ | ਸ੍ਰੀ ਰਾਮ ਦਾਹੀਆ ਦਾ ਕਹਿਣਾ ਸੀ ਕਿ ਜਿਹੜੀਆਂ 10 ਹਜ਼ਾਰ ਦੇ ਕਰੀਬ ਲਾਈਟਾਂ ਬੰਦ ਪਈਆਂ ਹਨ | ਉਹ ਲਾਈਟਾਂ ਮੁਹੱਲਿਆਂ ਵਿਚ ਸਥਿਤ ਹਨ | ਕੰਪਨੀ ਦੀਆਂ ਟੀਮਾਂ ਵੱਲੋਂ ਇਨ੍ਹਾਂ ਦੀ ਸੰਭਾਲ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਉਧਰ ਐੱਚ. ਪੀ. ਐਲ. ਕੰਪਨੀ ਵੱਲੋਂ ਚਾਹੇ ਕੁੱਝ ਮਹੀਨੇ ਪਹਿਲਾਂ ਸ਼ਹਿਰ ਵਿਚ 30 ਹਜ਼ਾਰ ਲਾਈਟਾਂ ਦੇ ਹੋਣ ਦਾ ਸਰਵੇ ਕੀਤਾ ਗਿਆ ਸੀ ਪਰ ਹੁਣ ਇਨ੍ਹਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਵਧ ਗਈ ਹੈ | ਹਰ ਵਾਰਡ ਵਿਚ ਕੌਂਸਲਰਾਂ ਨੂੰ 25-25 ਲਾਈਟਾਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਕਈ ਕੌਂਸਲਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਇਨ੍ਹਾਂ ਵਿਚ ਕਈ ਲਾਈਟਾਂ ਕੁੱਝ ਦਿਨ ਹੀ ਚੱਲ ਸਕੀਆਂ ਹਨ ਤੇ ਉਹ ਖ਼ਰਾਬ ਹੋ ਰਹੀਆਂ ਹਨ | ਕਈ ਵਾਰਡਾਂ ਵਿਚ ਤਾਂ ਕੁੱਝ ਸਮੇਂ ਤੋਂ ਜ਼ਿਆਦਾ ਲਾਈਟਾਂ ਲਗਾਈਆਂ ਗਈਆਂ ਹਨ ਜਿਸ ਨਾਲ ਐੱਚ. ਪੀ. ਐਲ. ਕੰਪਨੀ ਦੇ ਲੱਖਾਂ ਰੁਪਏ ਦੇ ਮਹਿੰਗੇ ਪੈਨਲ ਵੀ ਸੜ ਚੁੱਕੇ ਹਨ |