ਕਤਲ ਦੇ ਮਾਮਲੇ 'ਚੋਂ ਦੋ ਬਰੀ
ਅਜੀਤ ਡੈਸਕ
22-02-2026
ਜਲੰਧਰ, 21 ਫਰਵਰੀ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਮਨੋਜ ਵਰਮਾ ਪੁੱਤਰ ਜਗਦੀਸ਼ ਵਰਮਾ ਵਾਸੀ ਅਵਤਾਰ ਨਗਰ, ਥਾਣਾ ਭਾਰਗੋ ਕੈਂਪ ਜਲੰਧਰ ਤੇ ਸੋਨੂੰ ਪੁੱਤਰ ਰਮੇਸ਼ ਸਿੰਘ ਵਾਸੀ ਰਾਮਦਾਸ ਨਗਰ, ਬਸਤੀ ਬਾਵਾ ਖੇਲ੍ਹ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਮਿਤੀ 25 ਜੁਲਾਈ 2022 ਨੂੰ ਥਾਣਾ ਲਾਂਬੜਾ ਵਿਖੇ ਤੀਰਥ ਰਾਮ ਸਾਬਕਾ ਸਰਪੰਚ ਪੁੱਤਰ ਖ਼ੁਸ਼ੀ ਰਾਮ ਵਾਸੀ ਪਿੰਡ ਚਿੱਟੀ, ਲਾਂਬੜਾ ਦੀ ਸ਼ਿਕਾਇਤ 'ਤੇ ਕਤਲ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤ ਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਪਿੰਡ ਚਿੱਟੀ ਦਾ ਸਰਪੰਚ ਹੈ ਤੇ ਰੋਜ਼ ਸਵੇਰੇ ਸੈਰ ਕਰਨ ਲਈ ਆਪਣੇ ਘਰ ਤੋਂ ਲੱਲੀਆਂ ਖ਼ੁਰਦ ਵਾਲੀ ਸੜਕ 'ਤੇ ਆਉਂਦਾ ਜਾਂਦਾ ਹੈ | ਘਟਨਾ ਵਾਲੇ ਦਿਨ ਜਦੋਂ ਸੈਰ ਲਈ ਗਿਆ ਤਾਂ ਸੜਕ ਕਿਨਾਰੇ ਕੱਚੀ ਥਾਂ 'ਤੇ ਕਿਸੇ ਨਾ-ਮਾਲੂਮ ਵਿਅਕਤੀ ਦੀ ਲਾਸ਼ ਪਈ ਲਾਸ਼ ਵੇਖਦੇ ਹੋਏ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਲਾਸ਼ ਵਿਸ਼ਾਲ ਕੁਮਾਰ ਦੀ ਸੀ ਤੇ ਮਿ੍ਤਕ ਵਿਸ਼ਾਲ ਕੁਮਾਰ ਦਾ ਕਤਲ ਇਨ੍ਹਾਂ ਦੋਵਾਂ ਨੇ ਗਲ਼ਾ ਰੇਤ ਕੇ ਕੀਤਾ ਸੀ ਜਿਸ ਦਾ ਕਾਰਨ ਇਨ੍ਹਾਂ ਨੇ ਦੱਸਿਆ ਕਿ ਮਿ੍ਤਕ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਰ ਕੇ ਇਨ੍ਹਾਂ ਨੇ ਉਸ ਦਾ ਕਤਲ ਕਰਕੇ ਲਾਸ਼ ਖੇਤਾਂ ਕੋਲ ਸੁੱਟ ਦਿੱਤੀ ਪਰ ਅੱਜ ਅਦਾਲਤ ਨੇ ਸਬੂਤਾਂ ਦਾ ਘਾਟ ਦੇ ਮੱਦੇਨਜ਼ਰ ਦੋਸ਼ ਨਾ ਸਾਬਤ ਹੋਣ 'ਤੇ ਇਨ੍ਹਾਂ ਦੋਵਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |