ਮਕਸੂਦਾਂ 24 ਫਰਵਰੀ (ਸੌਰਵ ਮਹਿਤਾ)-ਸ਼ਹਿਰ ਦੇ ਮਕਸੂਦਾਂ ਇਲਾਕੇ ਵਿਚ ਸਥਿਤ ਮਕਸੂਦਾਂ ਫਲਾਈਓਵਰ ਤੋਂ ਹੇਠਾਂ ਉਤਰਦੇ ਹੀ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਦੋ ਕਾਰਾਂ ਆਹਮਨੇ-ਸਾਹਮਨੇ ਟਕਰਾ ਗਈਆਂ | ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਵ ਰਿਹਾ, ਪਰ ਦੋਵੇਂ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ | ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਇਨੋਵਾ ਕਾਰ ਸਵਾਰ ਵਿਅਕਤੀ ਅੰਮਿ੍ਤਸਰ ਤੋਂ ਜਲੰਧਰ ਵੱਲ ਆ ਰਿਹਾ ਸੀ ਅਤੇ ਉਸ ਨੇ ਸ਼ਹਿਰ ਦੀ ਇਕ ਐਂਬੈਸੀ ਦਫ਼ਤਰ ਵਿੱਚ ਕੰਮ ਲਈ ਪਹੁੰਚਣਾ ਸੀ | ਜਿਵੇਂ ਹੀ ਉਹ ਮਕਸੂਦਾਂ ਫਲਾਈਓਵਰ ਤੋਂ ਹੇਠਾਂ ਉਤਰਿਆ, ਸਾਹਮਣੇ ਤੋਂ ਆ ਰਹੀ ਦੂਜੀ ਕਾਰ ਨਾਲ ਉਸਦੀ ਸਿੱਧੀ ਟੱਕਰ ਹੋ ਗਈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਫਲਾਈਓਵਰ ਦੇ ਥੱਲੇ ਵਾਲੇ ਕੱਟ 'ਤੇ ਯਥੋਚਿਤ ਬੈਰੀਕੇਡ ਨਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਦਿਸ਼ਾ ਦਾ ਸਹੀ ਅੰਦਾਜ਼ਾ ਨਹੀਂ ਲੱਗਦਾ | ਇਲਾਕਾ ਵਾਸੀਆਂ ਦੇ ਅਨੁਸਾਰ ਇੱਥੇ ਲਗਪਗ ਹਰ ਰੋਜ਼ ਛੋਟੇ-ਵੱਡੇ ਹਾਦਸੇ ਹੁੰਦੇ ਰਹਿੰਦੇ ਹਨ, ਜਿਸ ਕਾਰਨ ਝਗੜੇ ਅਤੇ ਤਣਾਅ ਦੀ ਸਥਿਤੀ ਵੀ ਬਣ ਜਾਂਦੀ ਹੈ | ਹਾਦਸੇ ਤੋਂ ਬਾਅਦ ਦੋਵੇਂ ਪੱਖਾਂ ਵਿਚ ਤਕਰਾਰ ਹੋਈ, ਜਿਸ ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਉਂਦਿਆਂ ਰਾਜ਼ੀਨਾਮਾ ਕਰਵਾ ਦਿੱਤਾ | ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਮਕਸੂਦਾਂ ਫਲਾਈਓਵਰ ਦੇ ਥੱਲੇ ਤੁਰੰਤ ਪ੍ਰਭਾਵ ਨਾਲ ਪੱਕੇ ਬੈਰੀਕੇਡ ਅਤੇ ਸਪਸ਼ਟ ਸੰਕੇਤਕ ਬੋਰਡ ਲਗਾਏ ਜਾਣ ਤਾਂ ਜੋ ਫਲਾਈਓਵਰ 'ਤੇ ਚੜ੍ਹਣ-ਉਤਰਣ ਵਾਲੇ ਅਤੇ ਸਰਵਿਸ ਲੇਨ ਤੋਂ ਗੁਜ਼ਰਨ ਵਾਲੇ ਵਾਹਨਾਂ ਦੀ ਆਵਾਜਾਈ ਸੁਚਾਰੂ ਹੋ ਸਕੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਾਵ ਕੀਤਾ ਜਾ ਸਕੇ |