ਮਕਸੂਦਾਂ 24 ਫਰਵਰੀ (ਸੌਰਵ ਮਹਿਤਾ)-ਮਹਾ ਨਗਰ ਦੇ ਸੁੰਦਰ ਨਗਰ ਇਲਾਕੇ 'ਚ ਸੋਮਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਹੀ ਕਵਾਰਟਰ ਵਿਚ ਰਹਿ ਰਹੀਆਂ ਤਿੰਨ ਨਾਬਾਲਿਗ ਲੜਕੀਆਂ ਅਚਾਨਕ ਲਾਪਤਾ ਹੋ ਗਈਆਂ | ਲਾਪਤਾ ਹੋਣ ਵਾਲੀਆਂ ਵਿਚ 12 ਅਤੇ 13 ਸਾਲ ਦੀਆਂ ਦੋ ਸਗੀਆਂ ਭੈਣਾਂ ਅਤੇ ਉਨ੍ਹਾਂ ਦੀ 16 ਸਾਲਾ ਸਹੇਲੀ ਸ਼ਾਮਲ ਸੀ | ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਪੂਰੇ ਇਲਾਕੇ ਵਿਚ ਚਿੰਤਾ ਦਾ ਮਾਹੌਲ ਬਣ ਗਿਆ | ਪਰਿਵਾਰਕ ਮੈਂਬਰਾਂ ਮੁਤਾਬਕ ਮਾਪੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ 'ਤੇ ਚਲੇ ਗਏ ਸਨ ਅਤੇ ਬੱਚੀਆਂ ਘਰ ਵਿੱਚ ਇਕੱਲੀਆਂ ਸਨ | ਸ਼ਾਮ ਕਰੀਬ 5:30 ਵਜੇ ਜਦੋਂ ਉਹ ਵਾਪਸ ਘਰ ਆਏ ਤਾਂ ਮੁੱਖ ਦਰਵਾਜ਼ਾ ਖੁੱਲ੍ਹਾ ਦੇਖ ਕੇ ਹੈਰਾਨ ਰਹਿ ਗਏ | ਘਰ ਅੰਦਰ ਤਿੰਨੋਂ ਲੜਕੀਆਂ ਮੌਜੂਦ ਨਹੀਂ ਸਨ | ਕਾਫ਼ੀ ਭਾਲ ਬਾਅਦ ਵੀ ਕੋਈ ਪਤਾ ਨਾ ਲੱਗਣ 'ਤੇ ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁੰਦਰ ਨਗਰ ਵਿੱਚ
ਪੁਲਿਸ ਟੀਮ ਤੁਰੰਤ ਪਹੁੰਚੀ | ਡੀ.ਐੱਸ.ਪੀ. ਉੱਤਰੀ ਅਸ਼ੋਕ ਮੀਣਾ ਦੀ ਅਗਵਾਈ ਹੇਠ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ | ਫੁਟੇਜ ਵਿਚ ਤਿੰਨੋਂ ਲੜਕੀਆਂ ਦੁਪਹਿਰ ਕਰੀਬ 1:30 ਵਜੇ ਘਰ ਤੋਂ ਪੈਦਲ ਬਾਹਰ ਜਾਂਦੀਆਂ ਦਿਖਾਈ ਦਿੱਤੀਆਂ | ਪੁਲਿਸ ਨੇ ਰੇਲਵੇ ਸਟੇਸ਼ਨ, ਬੱਸ ਅੱਡੇ ਤੇ ਹੋਰ ਸਰਵਜਨਿਕ ਥਾਵਾਂ 'ਤੇ ਅਲਰਟ ਜਾਰੀ ਕੀਤਾ ਤੇ ਸਾਇਬਰ ਸੈੱਲ ਦੀ ਮਦਦ ਵੀ ਲਈ |
ਸੂਤਰਾਂ ਤੋਂ ਵੱਡਾ ਖੁਲਾਸਾ- ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿੰਨੋਂ ਬੱਚੀਆਂ ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿਚ ਜੀ. ਆਰ. ਪੀ. ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ | ਪਤਾ ਲੱਗਾ ਹੈ ਕਿ ਲੜਕੀਆਂ ਟ੍ਰੇਨ ਰਾਹੀਂ ਯੂ.ਪੀ. ਪਹੁੰਚੀਆਂ, ਜਿੱਥੇ ਸ਼ੱਕ ਹੋਣ 'ਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਜੀ. ਆਰ. ਪੀ. ਪੁਲਿਸ ਦੇ ਸਪੁਰਦ ਕਰ ਦਿੱਤਾ | ਉੱਥੋਂ ਪੁਲਿਸ ਵੱਲੋਂ ਜਲੰਧਰ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ | ਭਰੋਸੇਯੋਗ ਸਰੋਤਾਂ ਅਨੁਸਾਰ ਜਲੰਧਰ ਪੁਲਿਸ ਦੀ ਟੀਮ ਕੱਲ੍ਹ ਉੱਤਰ ਪ੍ਰਦੇਸ਼ ਰਵਾਨਾ ਹੋਵੇਗੀ ਤਾਂ ਜੋ ਤਿੰਨੋਂ ਬੱਚੀਆਂ ਨੂੰ ਸੁਰੱਖਿਅਤ ਤੌਰ 'ਤੇ ਵਾਪਸ ਲਿਆਂਦਾ ਜਾ ਸਕੇ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ 'ਤੇ ਤੁਰੰਤ ਸੰਬੰਧਿਤ ਥਾਣੇ ਨਾਲ ਸੰਪਰਕ ਕੀਤਾ ਜਾਵੇ | ਜਾਂਚ ਜਾਰੀ ਹੈ ਅਤੇ ਪੁਲਿਸ ਹਰੇਕ ਪੱਖ ਤੋਂ ਮਾਮਲੇ ਦੀ ਪੜਤਾਲ ਕਰ ਰਹੀ ਹੈ |
ਸੁੰਦਰ ਨਗਰ ਤੋਂ ਲਾਪਤਾ ਤਿੰਨ ਨਾਬਾਲਗ ਲੜਕੀਆਂ ਯੂ. ਪੀ. 'ਚੋਂ ਬਰਾਮਦ
ਅਜੀਤ ਡੈਸਕ
25-02-2026