ਨੂਰਪੁਰ ਦੇ ਸਰਕਾਰੀ ਸਕੂਲ 'ਚ 12ਵੀਂ ਦੀ ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ
ਅਜੀਤ ਡੈਸਕ
03-03-2026
ਮਕਸੂਦਾਂ, 2 ਮਾਰਚ (ਸੌਰਵ ਮਹਿਤਾ)-ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਨੂਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 12ਵੀਂ ਜਮਾਤ ਦੀ 19 ਸਾਲਾ ਵਿਦਿਆਰਥਣ ਖੁਸ਼ਪ੍ਰੀਤ ਕੌਰ ਦੀ ਮੌਤ ਮਾਮਲੇ ਨੇ ਗੰਭੀਰ ਮੋੜ ਲੈ ਲਿਆ ਹੈ | ਵਿਦਿਆਰਥਣ ਦਾ ਸਰੀਰ ਸਕੂਲ ਦੇ ਇਕ ਕਮਰੇ ਅੰਦਰ ਮਿਲਣ ਦੀ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਤੇ ਪਰਿਵਾਰਕ ਮੈਂਬਰਾਂ ਵਲੋਂ ਸਕੂਲ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ ਗਏ | ਜਾਣਕਾਰੀ ਮੁਤਾਬਿਕ ਖੁਸ਼ਪ੍ਰੀਤ ਕੌਰ ਸਵੇਰੇ ਘਰ ਤੋਂ ਰੋਲ ਨੰਬਰ ਲੈਣ ਲਈ ਸਕੂਲ ਗਈ ਸੀ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਇਕ ਅਧਿਆਪਕਾ ਦਾ ਫੋਨ ਆਇਆ, ਜਿਸ ਦੌਰਾਨ ਲੜਕੀ ਨੇ ਰੌਂਦਿਆਂ ਦੱਸਿਆ ਕਿ ਉਸ 'ਤੇ ਪੈਸੇ ਚੋਰੀ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ | ਪਿਤਾ ਜਰਨੈਲ ਸਿੰਘ ਮੁਤਾਬਿਕ ਉਨ੍ਹਾਂ ਨੇ ਧੀ ਨੂੰ ਹੌਸਲਾ ਦਿੱਤਾ ਤੇ ਖੁਦ ਸਕੂਲ ਆਉਣ ਦੀ ਗੱਲ ਕਹੀ | ਥੋੜੀ ਦੇਰ ਬਾਅਦ ਫਿਰ ਉਸੇ ਨੰਬਰ ਤੋਂ ਦੱਸਿਆ ਗਿਆ ਕਿ ਚੋਰੀ ਕਰਨ ਵਾਲੀ ਹੋਰ ਵਿਦਿਆਰਥਣ ਹੈ | ਜਦੋਂ ਪਰਿਵਾਰਕ ਮੈਂਬਰ ਸਕੂਲ ਪਹੁੰਚੇ ਤਾਂ ਉਥੇ ਹਾਲਾਤ ਬਦਲੇ ਹੋਏ ਸਨ | ਖੁਸ਼ਪ੍ਰੀਤ ਦਾ ਸਰੀਰ ਕਮਰੇ 'ਚੋਂ ਬਾਹਰ ਲਿਆਂਦਾ ਜਾ ਚੁੱਕਾ ਸੀ | ਪਰਿਵਾਰ ਵਲੋਂ ਸਵਾਲ ਉਠਾਇਆ ਗਿਆ ਕਿ ਜੇਕਰ ਮਾਮਲਾ ਆਤਮ ਹੱਤਿਆ ਦਾ ਸੀ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਬਜਾਏ ਅੰਦਰੂਨੀ ਤੌਰ 'ਤੇ ਕਾਰਵਾਈ ਕਿਉਂ ਕੀਤੀ ਗਈ | ਦੂਜੇ ਪਾਸੇ ਸਕੂਲ ਸਟਾਫ਼ ਦੇ ਇਕ ਮੈਂਬਰ ਨੇ ਦੱਸਿਆ ਕਿ ਰੋਲ ਨੰਬਰ ਵੰਡਣ ਲਈ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਸੀ | ਘਟਨਾ ਵੇਲੇ ਕਮਰਾ ਅੰਦਰੋਂ ਬੰਦ ਸੀ ਤੇ ਦਰਵਾਜ਼ਾ ਖੋਲ੍ਹ ਕੇ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਮਿ੍ਤਕ ਘੋਸ਼ਿਤ ਕਰ ਦਿੱਤਾ | ਇਸ ਸੰਬੰਧੀ ਥਾਣਾ ਮਕਸੂਦਾਂ ਦੇ ਐਸ. ਐਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ ਦਾ ਮੁਆਇਨਾ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਗਈ ਹੈ | ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ | ਦੇਰ ਸ਼ਾਮ ਥਾਣਾ ਮਕਸੂਦਾ ਪੁਲਿਸ ਨੇ ਸਕੂਲ ਦੀ ਅਧਿਆਪਕਾ ਤਰਨਜੋਤ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ | ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ 'ਚ ਬਾਏ ਨੇਮ ਤੌਰ 'ਤੇ ਤਰਨਜੋਤ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਸਕੂਲ ਦੇ ਹੋਰ ਸਟਾਫ ਮੈਂਬਰਾਂ ਦੀ ਸੰਭਾਵਿਤ ਅਣਗਹਿਲੀ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਨੂੰ ਵੀ ਕੇਸ 'ਚ ਸ਼ਾਮਿਲ ਕੀਤਾ ਗਿਆ ਹੈ |