ਜਲੰਧਰ, 2 ਮਾਰਚ (ਸ਼ੈਲੀ)-ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਮੁਹਿੰਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਐਮ. ਐਫ. ਫਾਰੂਕੀ ਆਈ. ਪੀ. ਐਸ. ਏ. ਡੀ. ਜੀ. ਪੀ. ਐਸ. ਏ. ਪੀ. ਜਲੰਧਰ ਤੇ ਹਰਵਿੰਦਰ ਸਿੰਘ ਵਿਰਕ ਐਸ. ਐਸ. ਪੀ. ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ | ਮੀਟਿੰਗ 'ਚ ਮਨਜੀਤ ਕੌਰ ਪੀ. ਬੀ. ਆਈ. ਐਸ. ਪੀ. ਅਤੇ ਜ਼ਿਲ੍ਹੇ ਦੇ ਸਾਰੇ ਡੀ. ਐਸ. ਪੀ., ਐਸ. ਐਚ. ਓ., ਚੌਕੀ ਇੰਚਾਰਜ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ, ਨਸ਼ਾ ਤਸਕਰੀ ਅਤੇ ਗੈਂਗਸਟਰ ਗਤੀਵਿਧੀਆਂ ਵਿਰੁੱਧ ਚੱਲ ਰਹੀਆਂ ਕਾਰਵਾਈਆਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ | ਇਸ ਮੌਕੇ ਏ. ਡੀ. ਜੀ. ਪੀ. ਨੇ ਦੱਸਿਆ ਕਿ 1 ਤੋਂ 31 ਮਾਰਚ ਤੱਕ, ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਮੁਹਿੰਮਾਂ ਵੱਡੇ ਪੱਧਰ 'ਤੇ ਚਲਾਈਆਂ ਜਾ ਰਹੀਆਂ ਹਨ | ਏ. ਡੀ. ਜੀ. ਪੀ. ਤੇ ਐਸ. ਐਸ. ਪੀ. ਨੇ ਦੱਸਿਆ ਕਿ ਮੁਹਿੰਮ ਦੌਰਾਨ, ਘੇਰਾਬੰਦੀ ਤੇ ਸਰਚ ਆਪ੍ਰੇਸ਼ਨ, ਨਸ਼ੀਲੇ ਪਦਾਰਥਾਂ ਪ੍ਰਤੀ ਸੰਵੇਦਨਸ਼ੀਲ ਰੂਟਾਂ 'ਤੇ ਰਾਜ ਵਿਆਪੀ ਨਾਕਾਬੰਦੀ, ਰਾਤ ਦੀ ਤਾਇਨਾਤੀ ਵਧਾਉਣ ਤੇ ਕਮਜ਼ੋਰ ਥਾਵਾਂ 'ਤੇ ਵਿਆਪਕ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ | ਉਨ੍ਹਾਂ ਅੱਗੇ ਨਿਰਦੇਸ਼ ਦਿੱਤੇ ਕਿ ਜੇਲ੍ਹਾਂ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮਾਂ ਚਲਾਈਆਂ ਜਾਣ, ਜਿਸ ਵਿਚ ਮੋਬਾਈਲ ਫੋਨਾਂ ਦਾ ਪਤਾ ਲਗਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਕੈਮਿਸਟ ਦੁਕਾਨਾਂ ਦੀ ਸਖ਼ਤ ਜਾਂਚ, ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ 'ਤੇ ਕਾਸੋ ਕਾਰਵਾਈਆਂ, ਗੋਲਾ ਬਾਰੂਦ ਦੇ ਭੰਡਾਰ 'ਤੇ ਵਿਸ਼ੇਸ਼ ਧਿਆਨ ਤੇ ਵਾਹਨਾਂ ਦੀ ਤੀਬਰ ਜਾਂਚ- ਖਾਸ ਕਰਕੇ ਦੋਪਹੀਆ ਵਾਹਨਾਂ ਤੇ ਹੋਰ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾਵੇਗੀ |