ਜਲੰਧਰ, 2 ਮਾਰਚ (ਪਵਨ ਖਰਬੰਦਾ)-ਸੈਂਕੜੇ ਅਧਿਆਪਕਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਨਿਵਾਸ ਸਥਾਨ 'ਤੇ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਅਧਿਆਪਕਾਂ ਨੇ ਜਬਰੀ ਥੋਪਿਆ ਟੈੱਟ ਰੱਦ ਕਰੋ ਦੀਆਂ ਤਖਤੀਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ | ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਨਵਪ੍ਰੀਤ ਸਿੰਘ ਬੱਲੀ, ਸੁਰਿੰਦਰ ਕੁਮਾਰ ਪੁਆਰੀ, ਕੁਲਵਿੰਦਰ ਸਿੰਘ ਜੋਸਨ, ਹਰਬੰਸ ਲਾਲ, ਸੁਖਵਿੰਦਰ ਸਿੰਘ ਮੱਕੜ, ਅਵਤਾਰ ਲਾਲ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਮੁੱਚੇ ਅਧਿਆਪਕਾਂ ਦੀ ਭਰਤੀ ਸਿਵਲ ਸਰਵਿਸਿਜ਼ ਰੂਲਾਂ ਤਹਿਤ ਵੱਖ-ਵੱਖ ਸਮੇਂ ਕੀਤੀ ਗਈ ਹੈ | ਇਨ੍ਹਾਂ ਨਿਯਮਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਵਿਭਾਗ ਵਲੋਂ ਹੁਣ ਲੰਬੇ ਸਮੇਂ ਤੋਂ ਕੰਮ ਕਰਦੇ ਉਨ੍ਹਾਂ ਅਧਿਆਪਕਾਂ ਨੂੰ ਵੀ ਟੈੱਟ ਪਾਸ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਨ੍ਹਾਂ ਅਧਿਆਪਕਾਂ ਦੀ ਭਰਤੀ ਟੈਟ ਦੀ ਹੋਂਦ ਤੋਂ ਪਹਿਲਾਂ ਪਹਿਲਾਂ ਹੋਈ ਹੈ | ਇਨ੍ਹਾਂ ਅਧਿਆਪਕਾਂ 'ਤੇ ਟੈਟ ਦੀ ਸ਼ਰਤ ਲਗਾਉਣਾ ਗੈਰ ਸੰਵਿਧਾਨਿਕ ਹੈ | ਇਸ ਧੱਕੇ ਵਿਰੁੱਧ ਅਧਿਆਪਕਾਂ ਵਲੋਂ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ | ਪ੍ਰਸ਼ਾਸਨ ਵਲੋਂ ਅਧਿਆਪਕਾਂ ਦੇ ਰੋਹ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਪੰਜਾਬ ਨਾਲ ਅਧਿਆਪਕ ਜਥੇਬੰਦੀਆਂ ਦੀ 27 ਫਰਵਰੀ ਨੂੰ ਮੀਟਿੰਗ ਤੈਅ ਕਰਵਾਈ ਸੀ, ਪਰ ਸਿੱਖਿਆ ਮੰਤਰੀ 27 ਫਰਵਰੀ ਨੂੰ ਮੀਟਿੰਗ ਤੋਂ ਮੁੱਕਰ ਗਿਆ, ਜਿਸ ਕਾਰਨ ਅਧਿਆਪਕ ਜਥੇਬੰਦੀਆਂ ਵਲੋਂ ਸੱਤਾਧਾਰੀ ਧਿਰ ਦੇ ਮੰਤਰੀਆਂ/ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ | ਅਧਿਆਪਕ ਮੰਗ ਕਰ ਰਹੇ ਸਨ ਕਿ ਅਧਿਆਪਕਾਂ 'ਤੇ ਥੋਪੇ ਟੈੱਟ ਦੇ ਗੈਰ ਸੰਵਿਧਾਨਿਕ ਫੈਸਲੇ ਨੂੰ ਰੋਕਣ ਲਈ ਪੰਜਾਬ ਵਿਧਾਨ ਸਭਾ ਵਿਚ ਬਿੱਲ ਪਾਸ ਕੀਤਾ ਜਾਵੇ | ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ ਸੁਪਰੀਮ ਕੋਰਟ ਵਿਚ ਰਿਵਿਊ ਪਟੀਸ਼ਨ ਦਾਖਲ ਕੀਤੀ ਜਾਵੇ | ਅਧਿਆਪਕਾਂ ਦੀਆਂ ਟੈੱਟ ਦੇ ਬਹਾਨੇ ਰੋਕੀਆਂ ਪਦਉਨਤੀਆਂ ਤੁਰੰਤ ਕੀਤੀਆਂ ਜਾਣ | ਇਸ ਮੌਕੇ ਸਵਿੰਦਰ ਬੱਲੀ, ਰਾਜਵਿੰਦਰ ਕੌਰ, ਸੋਨੀਆ, ਅੰਮਿ੍ਤਪਾਲ ਕੌਰ, ਜਤਿੰਦਰ ਬਰਿਆਣਾ, ਇੰਦਰਜੀਤ ਕੌਰ, ਮੈਡਮ ਰਾਖੀ, ਕੁਲਵੰਤ ਕੌਰ, ਕੰਵਲਜੀਤ ਸੰਗੋਵਾਲ, ਜੋਗਿੰਦਰ ਸਿੰਘ ਯੋਗੀ, ਬੇਅੰਤ ਸਿੰਘ, ਜਸਵੀਰ ਸਿੰਘ ਸੰਧੂ, ਰਮਨ ਕੁਮਾਰ ਗੁਪਤਾ, ਸੁਰਿੰਦਰ ਵਿੱਗ, ਰਾਕੇਸ਼ ਕੁਮਾਰ ਬੰਟੀ, ਸੁਖਵਿੰਦਰਪ੍ਰੀਤ ਸਿੰਘ, ਰਮਨ ਕੁਮਾਰ, ਬੰਟੀ ਕੰਬੋਜ, ਸੁਖਚਰਨ ਕੁਮਾਰ ਤੇ ਬਹੁਤ ਗਿਣਤੀ ਮਹਿਲਾ ਅਧਿਆਪਕ ਆਗੂ ਮੌਜੂਦ ਸਨ |