ਜਲੰਧਰ, 2 ਮਾਰਚ (ਪਵਨ ਖਰਬੰਦਾ)-20 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਤਨਦੇਹੀ ਨਾਲ ਆਪਣੀਆ ਸੇਵਾਵਾਂ ਦੇ ਰਹੇ ਦਫਤਰੀ ਕਰਮਚਾਰੀਆਂ ਦੀਆ ਤਨਖਾਹਾਂ 'ਤੇ 31000 ਰੁਪਏ ਪ੍ਰਤੀ ਮਹੀਨਾ ਕੱਟ ਲਾਉਣ ਤੋਂ ਰੋਸ 'ਚ ਆਏ ਸਿੱਖਿਆ ਵਿਭਾਗ ਦੇ ਦਫਤਰੀ ਕਰਮਚਾਰੀਆਂ ਵਲੋਂ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕੀਤਾ | ਦਫਤਰੀ ਮੁਲਾਜ਼ਮਾਂ ਨੇ ਦੱਸਿਆ ਕਿ ਹਰ ਮਹੀਨੇ 31000-31000 ਤਨਖਾਹਾਂ ਕੱਟ ਕੇ ਵੀ ਸਰਕਾਰ ਦਾ ਢਿੱਡ ਨਹੀਂ ਭਰ ਰਿਹਾ ਇਸ ਲਈ ਗੋਲਕ ਬਣਾ ਕੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦਾ ਢਿੱਡ (ਖਜ਼ਾਨਾ) ਭਰੋ, ਇਸ ਲਈ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦਫਤਰ ਤੋਂ ਰੋਸ ਮਾਰਚ ਡੀ. ਸੀ. ਦਫਤਰ ਜਲੰਧਰ ਤੱਕ ਕੀਤਾ ਤੇ ਜਿਥੇ ਆਮ ਲੋਕਾਂ ਨੂੰ ਗੋਲਕ ਭਰਨ ਨੂੰ ਕਿਹਾ ਗਿਆ ਤਾਂ ਕੀ ਸਰਕਾਰ ਸਾਡੀ ਤਨਖਾਹ ਕਟੌਤੀ ਦਾ ਫੈਸਲਾ ਵਾਪਸ ਲਵੇ | ਇਸ ਮੌਕੇ ਏ. ਡੀ. ਸੀ. ਅਮਨਿੰਦਰ ਕੌਰ ਬਰਾੜ ਨੂੰ ਮੰਗ-ਪੱਤਰ ਦਿੱਤਾ ਗਿਆ | ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਕਈ ਵਾਰ ਅਧਿਕਾਰੀਆ ਨੂੰ ਤਨਖਾਹਾਂ ਨਾ ਘਟਾਉਣ ਅਤੇ ਠੋਸ ਫੈਸਲਾ ਲੈਣ ਦੀ ਹਦਾਇਤ ਕੀਤੀ ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਕਾਰ ਦੇ ਹੁਕਮਾਂ ਨੂੰ ਅਣਗੋਲਿਆ ਕੀਤਾ |