ਜਲੰਧਰ, 9 ਮਾਰਚ (ਸ਼ਿਵ)-ਪੀ. ਕੇ. ਐਫ. ਫਾਈਨਾਂਸ ਲਿਮਟਿਡ ਵਲੋਂ ਸੰਭਾਲੇ ਜਾਂਦੇ ਰਹੇ 'ਪੀ. ਕੇ.ਐਫ. ਨਾਮਦੇਵ ਚੌਕ' ਨੂੰ ਜਲੰਧਰ ਸ਼ਹਿਰ ਤੇ ਕੈਂਟੋਨਮੈਂਟ ਬੋਰਡ ਨੂੰ ਜਲੰਧਰ ਕੈਂਟ ਵਿਚ ਹੋਏ ਫਲਾਵਰ ਸ਼ੋਅ ਵਿਚ ਦੂਜੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਫਲਾਵਰ ਸ਼ੋਅ 'ਚ ਮੁਖ ਮਹਿਮਾਨ ਲੈਫਟੀਨੈਂਟ ਜਨਰਲ ਅਜੇ ਚਾਂਦਪੁਰੀਆ ਜੀ. ਓ. ਸੀ. 11 ਕੋਰ ਨੇ ਫਲਾਵਰ ਸ਼ੋੇਅ ਦਾ ਉਦਘਾਟਨ ਕੀਤਾ | ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਬੂਟੇ ਤੇ ਫੁਲ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਸ ਨਾਲ ਕੁਦਰਤ ਦਾ ਸੰਤੁਲਨ ਬਣਿਆ ਰਹਿੰਦਾ ਹੈ | ਇਸ ਮੌਕੇ ਸਰਕਾਰੀ ਤੇ ਨਿੱਜੀ ਅਦਾਰਿਆਂ ਵਲੋਂ ਕਈ ਤਰ੍ਹਾਂ ਦੇ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ | ਇਹ ਫਲਾਵਰ ਸ਼ੋਅ ਪਿਛਲੇ 87 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ, ਜਿਸ 'ਚ ਕੁਦਰਤੀ ਪ੍ਰੇਮੀਆਂ ਨੂੰ ਅਲੱਗ-ਅਲੱਗ ਕਿਸਮਾਂ ਦੇ ਫੁਲ ਦੇਖਣ ਦਾ ਮੌਕਾ ਮਿਲਦਾ ਹੈ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਵਿਵੇਕ ਸੌਂਧੀ ਨੇ ਦੱਸਿਆ ਕਿ ਪੀ. ਕੇ. ਐਫ. ਫਾਈਨਾਂਸ ਗਰੁੱਪ ਦੀ ਸਥਾਪਨਾ 1958 ਵਿਚ ਹੋਈ ਸੀ ਤੇ ਇਸ ਦਾ ਕਾਰੋਬਾਰ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਫੈਲਿਆ ਹੋਇਆ ਹੈ | ਗਰੁੱਪ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਮਾਜਿਕ ਉਦੇਸ਼ਾਂ, ਵਿਸ਼ੇਸ਼ ਤੌਰ 'ਤੇ ਵਾਤਾਵਰਨ ਤੇ ਸੱਭਿਆਚਾਰ ਦੀ ਸਰਪ੍ਰਸਤੀ ਦੇ ਪ੍ਰਤੀ ਵਿਸ਼ੇਸ਼ ਤੌਰ 'ਤੇ ਯੋਗਦਾਨ ਪਾ ਰਿਹਾ ਹੈ |