ਜਲੰਧਰ, 28 ਮਾਰਚ (ਚੰਦੀਪ ਭੱਲਾ)-ਡੀ. ਸੀ. ਹਿਮਾਂਸ਼ੂ ਅਗਰਵਾਲ ਵਲੋਂ ਸ਼ਹਿਰ 'ਚ ਵਧਦੇ ਜਾ ਰਹੇ ਵਾਧੂ ਤਾਰਾਂ ਦੇ ਜਾਲ ਨੂੰ ਖ਼ਤਮ ਕਰਨ ਲਈ ਪੀ. ਐੱਸ. ਪੀ. ਸੀ. ਐਲ. ਤੇ ਨਿੱਜੀ ਕੇਬਲ ਨੈੱਟਵਰਕ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਭਰ 'ਚੋਂ ਵਾਧੂ ਤਾਰਾਂ ਨੂੰ ਹਟਾਉਣ ਲਈ ਕਈ ਕਿਹਾ ਗਿਆ ਹੈ ਪਰ ਇਸ ਦੇ ਬਾਅਦ ਵੀ ਇਨ੍ਹਾਂ ਵਾਧੂ ਲਟਕ ਰਹੀਆਂ ਤਾਰਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਤੇ ਨਾ ਹੀ ਇਨ੍ਹਾਂ ਸੰਬੰਧੀ ਵਿਭਾਗ ਕੁੱਝ ਕਰ ਰਹੇ ਹਨ ਤੇ ਇਸ ਦੀ ਪ੍ਰੇਸ਼ਾਨੀ ਸਿਰਫ਼ ਆਮ ਲੋਕ ਝੱਲ ਰਹੇ ਹਨ, ਜਿਨ੍ਹਾਂ ਦੇ ਘਰ ਅੱਗੇ ਇਹ ਜਾਲ ਦਿਨੋਂ ਦਿਨ ਵਧਦੇ ਜਾ ਰਹੇ ਹਨ ਤੇ ਤਾਰਾਂ ਗਲੀਆਂ ਵਿਚਕਾਰ ਲਟਕ ਰਹੀਆਂ ਹਨ | ਇਸ ਤਰ੍ਹਾਂ ਵਿਚਕਾਰ ਲਟਕ ਰਹੀਆਂ ਇਨ੍ਹਾਂ ਤਾਰਾਂ ਕਰਕੇ ਕਈ ਵਾਰ ਦੋਪਹੀਆ ਵਾਹਨ ਚਾਲਕ ਹਾਦਸਿਆਂ ਦੇ ਸ਼ਿਕਾਰ ਹੋ ਚੁੱਕੇ ਹਨ ਕਿਉਂਕਿ ਕਈ ਤਾਰਾਂ ਇਸੇ ਤਰ੍ਹਾਂ ਟੁੱਟ ਕੇ ਸੜਕ 'ਚ ਲਟਕੀਆਂ ਰਹੀਆਂ ਹਨ ਪਰ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ 'ਚ ਸੁੱਤਾ ਹੈ ਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਆਪਣੇ ਏ. ਸੀ. ਕਮਰਿਆਂ 'ਚੋਂ ਬਾਹਰ ਨਿਕਲ ਕੇ ਹਾਲਾਤ ਵੇਖਣ ਨੂੰ ਤਿਆਰ ਹੀ ਨਹੀਂ ਹਨ | ਸ਼ਹਿਰ ਦੇ ਦਿਓਲ ਨਗਰ, ਨਿਊ ਦਿਓਲ ਨਗਰ, ਰਾਜੂ ਕਾਲੋਨੀ, ਦਸਮੇਸ਼ ਨਗਰ, ਨਿਊ ਦਸਮੇਸ਼ ਨਗਰ, ਤਿਲਕ ਨਗਰ, ਮਾਡਲ ਹਾਊਸ, ਅਵਤਾਰ ਨਗਰ, ਬਸਤੀਆਂ ਖੇਤਰ ਤੇ ਹੋਰ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਵੀ ਤਾਰ ਟੁੱਟ ਜਾਂਦੀ ਹੈ ਤੇ ਇਨ੍ਹਾਂ ਨਿੱਜੀ ਕੰਪਨੀਆਂ ਦੇ ਕਰਮਚਾਰੀ ਆ ਕੇ ਨਵੀਂ ਤਾਰ ਪਾ ਜਾਂਦੇ ਹਨ ਤੇ ਪੁਰਾਣੀ ਤਾਰ ਉਸੇ ਤਰ੍ਹਾਂ ਹੀ ਟੁੱਟੀ ਹੋਈ ਸੜਕ 'ਤੇ ਛੱਡ ਜਾਂਦੇ ਹਨ ਤੇ ਇਹ ਟੁੱਟੀ ਤਾਰ ਅੱਧੀ ਖੰਭੇ ਨਾਲ ਲਟਕ ਰਹੀ ਹੁੰਦੀ ਤੇ ਅੱਧੀ ਸੜਕ ਵਿਚਕਾਰ ਪਈ ਹੁੰਦੀ ਹੈ, ਜਿਸ ਕਰਕੇ ਲੋਕ ਪ੍ਰੇਸ਼ਾਨੀ ਹੁੰਦੇ ਫਿਰਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਇਸ ਲਈ ਜਿੰਨੇ ਜ਼ਿੰਮੇਵਾਰ ਇਨ੍ਹਾਂ ਨਿੱਜੀ ਕੰਪਨੀਆਂ ਵਾਲੇ ਹਨ ਉਨ੍ਹੇ ਹੀ ਜ਼ਿੰਮੇਵਾਰ ਬਿਜਲੀ ਵਿਭਾਗ ਵਾਲੇ ਹਨ, ਜਿਨ੍ਹਾਂ ਦੇ ਖੰਭਿਆਂ 'ਤੇ ਲਗਾਤਾਰ ਤਾਰਾਂ ਦਾ ਭਾਰ ਪੈ ਰਿਹਾ ਹੈ ਤੇ ਖੰਭੇ ਡਿੱਗਣ ਦੀ ਕਗਾਰ 'ਤੇ ਆ ਗਏ ਹਨ ਤੇ ਉਲਟਾ ਲੋਕ ਕੋਲੋਂ ਪੈਸੇ ਖ਼ਰਚ ਕੇ ਖੰਭਿਆਂ ਨੂੰ ਡਿੱਗਣ ਤੋਂ ਬਚਾ ਰਹੇ ਹਨ ਤਾਂ ਕਿ ਇਸ ਨਾਲ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ | ਗਲੀਆਂ 'ਚ ਬਿਜਲੀ ਵਿਭਾਗ ਦੇ ਹਰੇਕ ਖੰਭੇ 'ਤੇ ਇਨ੍ਹਾਂ ਤਾਰਾਂ ਦੇ ਗੁੱਛੇ ਵੇਖਣ ਨੂੰ ਮਿਲ ਰਹੇ ਹਨ ਇਨ੍ਹਾਂ ਗੁੱਛਿਆਂ 'ਚੋਂ ਕਈ ਤਾਰਾਂ ਬੇਕਾਰ ਹਨ ਜੋ ਬਿਨਾਂ ਗੱਲ 'ਤੇ ਖੰਭਿਆਂ ਨਾਲ ਬੰਨ੍ਹ ਕੇ ਨਿੱਜੀ ਕੰਪਨੀਆਂ ਦੇ ਕਰਮਚਾਰੀ ਚਲੇ ਜਾਂਦੇ ਹਨ | ਹੁਣ ਲੋਕਾਂ ਨੇ ਇਹ ਫ਼ੈਸਲਾ ਕਰ ਲਿਆ ਹੈ ਕਿ ਜੇਕਰ ਛੇਤੀ ਹੀ ਪ੍ਰਸ਼ਾਸਨ ਨੇ ਇਸ ਪਾਸੇ ਕੁੱਝ ਨਾ ਕੀਤਾ ਤਾਂ ਉਹ ਆਪ ਹੀ ਇਸ ਦਾ ਕੋਈ ਹੱਲ ਕਰਨਗੇ |