ਜਲੰਧਰ, 4 ਅਪ੍ਰੈਲ (ਡਾ. ਜਤਿੰਦਰ ਸਾਬੀ)-ਨੈਸ਼ਨਲ ਆਈ ਕੇਅਰ ਤੇ ਲੇਸਿਕ ਹੱਬ ਵਲੋਂ ਕਰਵਾਈ ਜਾ ਰਹੀ ਜਲੰਧਰ ਹਾਫ ਮੈਰਾਥਨ ਦੌੜ ਰਫਤਾਰ ਦੇ ਸੂਰਮੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਹ ਅੱਜ ਪੂਰੇ ਜੋਸ਼ੋ ਖਰੋਸ਼ ਨਾਲ ਕਰਵਾਈ ਜਾ ਰਹੀ ਹੈ | ਇਹ ਦੌੜ 5 ਅਪ੍ਰੈਲ ਨੂੰ ਸਵੇਰੇ 5.30 ਵਜੇ ਸਪੋਰਟਸ ਕਾਲਜ ਜਲੰਧਰ ਤੋਂ ਸ਼ੁਰੂ ਹੋਵੇਗੀ | ਹਾਫ ਮੈਰਾਥਨ ਦੌੜ ਦੇ ਉਦਘਾਟਨੀ ਮੌਕੇ ਤੇ ਮੇਅਰ ਵਿਨੀਤ ਧੀਰ, ਨਿਤਿਨ ਕੋਹਲੀ ਹਲਕਾ ਇੰਚਾਰਜ, ਡੀ. ਜੀ. ਐਨ. ਵਿਜੇ ਸਹਿਦੇਵ (ਰੋਟਰੀ) ਵਿਸ਼ੇਸ਼ ਤੌਰ 'ਤੇ ਹਾਜ਼ਰ ਹੋ ਕੇ ਦੌੜਾਕਾਂ ਦੀ ਹੌਸਲਾ ਅਫਜਾਈ ਕਰਨਗੇ ਤੇ ਇਸ ਦੌੜ ਦਾ ਡਾਇਰੈਕਟਰ ਸੁਨੀਲ ਸ਼ਰਮਾ ਨੂੰ ਬਣਾਇਆ ਗਿਆ ਹੈ | ਇਸ ਦੌੜ 'ਚ ਹੁਣ ਤੱਕ 1500 ਤੋਂ ਵੱਧ ਦੌੜਾਕਾਂ ਨੇ ਆਪਣੇ ਰਜਿਸ਼ਟ੍ਰੇਸ਼ਨ ਕਰਵਾਈ ਤੇ ਉਨ੍ਹਾਂ ਨੂੰ ਬਿੱਬ ਤੇ ਚੈਸਟ ਨੰਬਰ ਟੀਮ ਵਲੋਂ ਅਲਾਟ ਕਰ ਦਿੱਤੇ ਗਏ ਹਨ ਤੇ ਸਾਰੇ ਰੂਟ ਨੂੰ ਪੂਰੀ ਤਰਾਂ ਨਾਲ ਸੁਰੱਖਿਅਤ ਕਰਕੇ ਸਾਰੀ ਮਾਰਕਿੰਗ ਤੇ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ | ਇਸ ਸੰਬੰਧੀ ਡਾ. ਪਿਯੂਸ਼ ਸੂਦ, ਡਾ. ਰੂਚੀ ਗੌੜ ਤੇ ਰਾਜੇਸ਼ ਬਾਹਰੀ ਨੇ ਦੱਸਿਆ ਕਿ ਇਸ ਮੈਰਾਥਨ ਦੌੜ 'ਚ ਤਿੰਨ ਈਵੈਂਟਸ 'ਚ ਬੱਚਿਆਂ ਲਈ ਇਕ ਵਿਸ਼ੇਸ਼ ਈਵੈਂਟਸ 3 ਕਿੱਲੋਮੀਟਰ ਹੋਵੇਗਾ | ਦੌੜ 'ਚ 21 ਕਿੱਲੋਮੀਟਰ ਦੌੜ ਸਵੇਰੇ 5.30 ਵਜੇ, 10 ਕਿੱਲੋਮੀਟਰ ਦੌੜ ਸਵੇਰੇ 6 ਵਜੇ, 5 ਕਿੱਲੋਮੀਟਰ ਦੌੜ ਸਵੇਰੇ 6.30 ਵਜੇ, 3 ਕਿੱਲੋਮੀਟਰ ਦੌੜ ਸਵੇਰੇ 6.45 ਤੇ ਸ਼ੁਰੂ ਹੋਵੇਗੀ | ਮੈਰਾਥਨ ਦੌੜ ਦਾ ਉਦੇਸ਼ ਨਸ਼ਾ ਰਹਿਤ ਸਮਾਜ, ਬੇਟੀ ਬਚਾਓ ਤੇ ਬੇਟੀ ਪੜ੍ਹਾਓ, ਵਰਲਡ ਆਈ ਡੋਨੇਸ਼ਨ ਤੇ ਵੋਮੈਨ ਇਮਪਾਵਰਮੈਂਟ ਹੈ | ਦੌੜ ਸ਼ੁਰੂ ਹੋਣ ਤੋਂ ਪਹਿਲਾਂ ਐਸ਼ਲੇ ਗਰੁੱਪ ਤੇ ਰਾਜਨ ਸਿਆਲ ਵਲੋਂ ਸਾਰੇ ਦੌੜਾਕਾਂ ਨਾਲ ਵਾਰਮ ਅੱਪ ਸ਼ੈਸ਼ਨ ਹੋਵੇਗਾ | ਇਸ ਦੌੜ ਨੂੰ ਸਫਲ ਬਣਾਉਣ ਲਈ ਸਕਾਈ ਰਾਈਡਰਜ, ਹਾਕਸ ਰਾਈਡਰ, ਰਾਈਡ ਟੂ ਰੋਅਰ, ਰੋਟਰੀ, ਕੋਰ ਟੀਮ, ਮੇਅਰ ਵਿਨੀਤ ਧੀਰ, ਯੂਅਰ ਫੀਜਓ, ਐਸ਼ਲੇ ਕੌਰ ਪਰਿੰਦੇ ਟੀਮ, ਬਾਈਕ ਸਟੋਰੀ ਹੁਸ਼ਿਆਰਪੁਰ, ਸਚਿਨ ਆਟੋ ਮੋਬਾਇਲ, ਨੀਰੋ ਕੈਫੇ, ਯੁਨਟੀ ਐਬੂਲੈਂਸ ਅਮਿ੍ਤ ਤੇ ਸੁਨੀਲ ਸ਼ਰਮਾ, ਸਪਰੋਟਸ ਕਾਲਜ, ਸ਼ਿਸ਼ੂ ਮਾਡਲ ਸਕੂਲ, ਨਗਰ ਨਿਗਮ ਜਲੰਧਰ, ਪੁਲਿਸ ਟ੍ਰੈਫਿਕ ਵਿਭਾਗ ਤੇ ਸਾਈਕਲਿੰਗ ਐਂਡ ਬਾਈਕਰ ਫਤੇਹ ਮੋਟਰਜ, ਫਿੱਟ ਬਾਈਕਰ ਕਲੱਬ, ਫਗਵਾੜਾ ਸਾਈਕਲਿੰਗ ਕਲੱਬ ਦੀ ਟੀਮ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ | ਮੈਰਾਥਨ ਦੌੜ ਸਪੋਰਟਸ ਕਾਲਜ ਤੋਂ ਸ਼ੁਰੂ ਹੋਵੇਗੀ ਤੇ ਕਪੂਰਥਲਾ ਚੌਕ, ਵਰਕਸ਼ਾਪ ਚੌਕ, ਡੀ. ਏ. ਵੀ. ਕਾਲਜ, ਸਬਜੀ ਮੰਡੀ ਮਕਸੂਦਾ, ਸੂਰਾਨੱਸੀ ਦਾ 21 ਕਿੱਲੋਮੀਟਰ ਦਾ ਰਸਤਾ ਤਹਿ ਕਰਕੇ ਵਾਪਸ ਸਪੋਰਟਸ ਕਾਲਜ ਜਲੰਧਰ ਵਿਖੇ ਸਮਾਪਤ ਹੋਵੇਗੀ | ਪਹਿਲੇ, ਦੂਜੇ, ਤੀਜੇ ਸਥਾਨ 'ਤੇ 21 ਕਿੱਲੋਮੀਟਰ, 10 ਕਿੱਲੋਮੀਟਰ ਤੇ 5 ਕਿੱਲੋਮੀਟਰ ਦੌੜ ਦੇ ਜੇਤੂਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ |