ਜਲੰਧਰ, 5 ਅਪ੍ਰੈਲ (ਸ਼ੈਲੀ)-ਜਲੰਧਰ ਦੇ ਨਕੋਦਰ ਰੋਡ 'ਤੇ ਡਾ. ਬੀ. ਆਰ. ਅੰਬੇਡਕਰ ਭਵਨ ਵਿਖੇ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵਲੋਂ ਗੁਰੂ ਰਵਿਦਾਸ ਜੀ ਬਾਰੇ ਸੈਮੀਨਾਰ ਕਰਵਾਇਆ | ਇਸ ਦੌਰਾਨ ਪੰਜਾਬ ਭਰ 'ਚੋਂ ਵਿਦਵਾਨ ਜਿਨ੍ਹਾਂ 'ਚ ਡਾ. ਸੀਤਲ ਸਿੰਘ, ਰੂਪ ਲਾਲ ਰੂਪ, ਪ੍ਰੋ. ਲਾਲ ਬਹਾਦਰ ਭਾਟੀਆ ਨੇ ਆਪਣੇ ਅਕਾਦਮਿਕ ਪਰਚਿਆਂ ਰਾਹੀਂ ਸੈਮੀਨਾਰ ਦੀ ਅਕਾਦਮਿਕਤਾ ਨੂੰ ਸਿਖਰ 'ਤੇ ਪਹੁੰਚਾ ਦਿੱਤਾ | ਇਸ ਵੇਲੇ ਕੁੰਜੀਵਤ ਭਾਸ਼ਨ 'ਚ ਪਟਿਆਲਾ ਤੋਂ ਪੁੱਜੇ ਡਾ. ਗੁਰਮੀਤ ਕੱਲਰਮਾਜਰੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਇਲਾਵਾ ਜੋ ਬਾਣੀ ਬਾਹਰ ਖ਼ੋਜੀ ਜਾ ਰਹੀ ਹੈ ਉਸ 'ਤੇ ਗੱਲ ਕੀਤੀ | ਸਮਾਗਮ ਦੀ ਪ੍ਰਧਾਨਗੀ ਕਹਾਣੀਕਾਰ ਮੋਹਨ ਲਾਲ ਫਿਲੌਰੀਆ ਨੇ ਕੀਤੀ, ਜਦਕਿ ਮੁੱਖ ਮਹਿਮਾਨ ਵਜੋਂ ਗੀਤਕਾਰ ਤੇ ਚਿੰਤਕ ਮਦਨ ਜਲੰਧਰੀ ਪਹੁੰਚੇ | ਵਿਸ਼ੇਸ਼ ਮਹਿਮਾਨ ਵਜੋਂ ਹਰਬਿਲਾਸ ਬੱਸੀ (ਕੈਨੇਡਾ) ਉਦਘਾਟਨੀ ਭਾਸ਼ਨ ਦਿੱਤਾ | ਮੰਚ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਮੰਚ ਸੰਚਾਲਨ ਕਰਦਿਆਂ ਸੰਸਥਾ ਦੇ ਮਨੋਰਥ ਬਾਰੇ ਚਾਨਣਾ ਪਾਇਆ | ਸਤਿਗੁਰੂ ਰਵਿਦਾਸ ਜੀ ਦੀਆਂ ਯਾਤਰਾਵਾਂ ਤੇ ਪੇਪਰ ਪੜ੍ਹਦਿਆਂ ਵਿਦਵਾਨ ਰੂਪ ਲਾਲ ਰੂਪ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਪੂਰੇ ਭਾਰਤ 'ਚ ਆਪਣੀਆਂ ਯਾਤਰਾਵਾਂ ਰਾਹੀਂ ਵੱਖ-ਵੱਖ ਥਾਵਾਂ 'ਤੇ ਪੁੱਜੇ ਉਥੇ ਹੀ ਉਹ ਪੰਜਾਬ 'ਚ ਵੱਖ-ਵੱਖ ਸਥਾਨਾਂ 'ਤੇ ਗਏ | ਡਾ. ਸ਼ੀਤਲ ਸਿੰਘ ਨੇ ਕਿਹਾ ਕਿ ਜਦੋਂ ਬਿਪਰਵਾਦ ਦਾ ਏਨਾ ਦਬਦਬਾ ਸੀ ਉਸ ਵੇਲੇ ਸਤਿਗੁਰੂ ਰਵਿਦਾਸ ਨੇ ਅਜਿਹੀ ਕ੍ਰਾਂਤੀਕਾਰੀ ਅਵਾਜ਼ ਦਿੱਤੀ ਕਿ ਮੰਨੂ ਵਲੋਂ ਬਣਾਏ ਚਾਰੇ ਵਰਨਾਂ ਦੀ ਕੁ-ਪ੍ਰਥਾ ਨੂੰ ਇਕ ਵਾਰ ਮਲੀਆਮੇਟ ਕਰ ਦਿੱਤਾ | ਇਸੇ ਤਰ੍ਹਾਂ ਪ੍ਰੋ. ਲਾਲ ਬਹਾਦਰ ਭਾਟੀਆ, ਡਾ. ਗੁਰਮੀਤ ਕਲੱਰਮਾਜਰੀ ਨੇ ਵੀ ਵਿਚਾਰ ਰੱਖੇ | ਮੁੱਖ ਮਹਿਮਾਨ ਮਦਨ ਜਲੰਧਰੀ ਨੇ ਕਿਹਾ ਬਾਣੀ ਵਿਚਾਰ ਚੇਤਨਾ ਮੰਚ ਵਲੋਂ ਅਕਾਦਮਿਕ ਤੌਰ 'ਤੇ ਕਰਾਏ ਜਾ ਰਹੇ ਸੈਮੀਨਾਰਾਂ ਵਿਚ ਪੜੇ੍ਹ ਜਾ ਰਹੇ ਖੋਜ ਭਰਪੂਰ ਪੇਪਰਾਂ 'ਚ ਸਾਡੇ ਵਿਦਵਾਨ ਅਵਾਮ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ | ਵਿਸ਼ੇਸ਼ ਮਹਿਮਾਨ ਹਰਬਿਲਾਸ ਬੱਸੀ ਕੈਨੇਡਾ ਨੇ ਕਿਹਾ ਅਸੀਂ ਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਸੈਮੀਨਾਰਾਂ ਨੂੰ ਕੌਮਾਂਤਰੀ ਪੱਧਰ 'ਤੇ ਕਰਵਾਉਣ ਜਾ ਰਹੇ ਹਾਂ | ਪ੍ਰਧਾਨਗੀ ਕਰ ਰਹੇ ਮੋਹਨ ਲਾਲ ਫਿਲੌਰੀਆ ਨੇ ਕਿਹਾ ਸਾਡਾ ਮਕਸਦ ਹੈ ਕਿ ਗੁਰੂ ਮਹਾਰਾਜ ਬਾਰੇ ਜੋ ਵੀ ਭਰਮ ਭੁਲੇਖੇ ਫੈਲਾਏ ਜਾ ਰਹੇ ਹਨ ਉਹ ਅਸੀਂ ਸਾਡੇ ਵਿਦਵਾਨਾਂ ਰਾਹੀਂ ਕੀਤੀਆਂ ਖੋਜਾਂ ਨਾਲ ਸਹੀ ਕਰ ਸਕੀਏ | ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਨੇ ਅਗਲਾ ਸੈਮੀਨਾਰ ਨਾਭਾ ਵਿਖੇ 24 ਮਈ ਨੂੰ ਕਰਾਉਣ ਬਾਰੇ ਐਲਾਨ ਕੀਤਾ | ਇਸ ਵੇਲੇ ਡਾ. ਗੁਰਮੀਤ ਕੱਲਰਮਾਜਰੀ ਦੀ ਬਾਬੁੂ ਮੰਗੂ ਰਾਮ ਮੁੱਗੋਵਾਲੀਆ ਮੌਲਿਕ ਲਿਖਤਾਂ ਵੀ ਰਿਲੀਜ਼ ਕੀਤੀ ਗਈ | ਇਸ ਸਮੇਂ ਡੇਰਾ ਬੱਲਾਂ ਤੋਂ ਬਲਬੀਰ ਮੰਨਣ ਹੋਰੀਂ ਵਿਸ਼ੇਸ਼ ਪੁੱਜੇ | ਇਸ ਸਮੇਂ ਹਰਦੀਪ ਸਿੰਘ ਮੁਕਤਸਰ, ਸੀਆਰ ਕਲਸੀ, ਮਦਨ ਸਿੰਘ, ਨਿਰਵੈਰ ਸਿੰਘ ਕਪੂਰਥਲਾ, ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ, ਨਿਰਭੈ ਸਿੰਘ ਫਤਹਿਗੜ੍ਹ, ਪਰਮਿੰਦਰ ਰਾਏਪੁਰ ਪਟਿਆਲਾ ਨੇ ਵੀ ਹਾਜ਼ਰੀ ਲਗਾਈ |