ਜਲੰਧਰ, 11 ਅਪ੍ਰੈਲ (ਸ਼ਿਵ)-ਨਗਰ ਨਿਗਮ ਨੇ ਫੋਕਲ ਪੁਆਇੰਟ ਦੇ ਨਾਲ ਮੰਡੀ ਵਾਲੀ ਜਗ੍ਹਾ 'ਤੇ ਨਵਾਂ ਫਾਇਰ ਸਟੇਸ਼ਨ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਜੇ. ਸੀ. ਬੀ. ਵਲੋਂ ਇਸ ਜਗ੍ਹਾ 'ਤੇ ਫਾਇਰ ਸਟੇਸ਼ਨ ਦੇ ਨਿਰਮਾਣ ਲਈ ਨੀਂਹਾਂ ਦੀ ਖ਼ੁਦਾਈ ਮੌਕੇ ਵੱਡੀ ਗਿਣਤੀ 'ਚ ਰੇਹੜੀਆਂ ਵਾਲੇ ਇਕੱਠੇ ਸਨ | ਕੁੱਝ ਦਿਨ ਪਹਿਲਾਂ ਰੇਹੜੀਆਂ ਤੇ ਫੜੀਆਂ ਵਾਲਿਆਂ ਨੇ ਇਕੱਠੇ ਹੋ ਕੇ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਕੇ ਉਨਾਂ ਤੋਂ ਮੰਗ ਕੀਤੀ ਸੀ ਕਿ ਇਸ ਜਗ੍ਹਾ 'ਤੇ ਜਿਹੜਾ ਨਿਰਮਾਣ ਕੀਤਾ ਜਾ ਰਿਹਾ ਹੈ, ਉਨਾਂ ਦਾ ਕੰਮ ਬੰਦ ਹੋ ਜਾਣਗੇ ਤਾਂ ਮੇਅਰ ਵਨੀਤ ਧੀਰ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਹੋਰ ਜਗ੍ਹਾ ਅਲਾਟ ਕੀਤੀ ਜਾਵੇਗੀ | ਨਿਗਮ ਵਲੋਂ ਫਾਇਰ ਸਟੇਸ਼ਨ ਦਾ ਕੰਮ ਸ਼ੁਰੂ ਕਰਵਾਉਣ ਲਈ ਜੇ. ਸੀ. ਬੀ. ਵਲੋਂ ਨੀਂਹਾਂ ਦੀ ਖ਼ੁਦਾਈ ਕੀਤੀ ਗਈ | ਇਸ ਦੇ ਨਾਲ ਹੀ ਦਾਦਾ ਕਾਲੋਨੀ ਜ਼ੋਨ 'ਚ ਫਾਇਰ ਸਟੇਸ਼ਨ ਮੌਜੂਦ ਹਨ, ਉਥੇ ਕੁੱਝ ਗੱਡੀਆਂ ਖੜੀਆਂ ਕੀਤੀਆਂ ਜਾ ਸਕਦੀਆਂ ਹਨ | ਫਾਇਰ ਸਟੇਸ਼ਨ ਆਲੇ ਦੁਆਲੇ ਸਨਅਤੀ ਇਲਾਕਿਆਂ ਦੀ ਮੰਗ ਪੂਰੀ ਕਰੇਗਾ ਤੇ ਫੋਕਲ ਪੁਆਇੰਟ ਤੋਂ ਇਲਾਵਾ ਗਦਈਪੁਰ ਦੇ ਸਨਅਤੀ ਇਕਾਈਆਂ ਲਈ ਵੀ ਇਹ ਨਵਾਂ ਬਣਨ ਵਾਲਾ ਫਾਇਰ ਸਟੇਸ਼ਨ ਸੇਵਾਵਾਂ ਪ੍ਰਦਾਨ ਕਰੇਗਾ | ਸਨਅਤਕਾਰਾਂ ਵਲੋਂ ਵੀ ਲੰਬੇ ਸਮੇਂ ਤੋਂ ਨਵਾਂ ਫਾਇਰ ਸਟੇਸ਼ਨ ਬਣਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ | ਇਸ ਦੇ ਨਿਰਮਾਣ 'ਤੇ 2.70 ਕਰੋੜ ਰੁਪਏ ਦਾ ਖਰਚਾ ਆਵੇਗਾ | ਓਧਰ ਜਿਸ ਜਗ੍ਹਾ 'ਤੇ ਫਾਇਰ ਸਟੇਸ਼ਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਉਸ ਜਗ੍ਹਾ 'ਤੇ ਲੱਗਣ ਵਾਲੀਆਂ ਰੇਹੜੀਆਂ ਤੇ ਫੜੀਆਂ ਵਾਲਿਆਂ ਨੂੰ ਨਾਲ ਹੀ ਜਗ੍ਹਾ ਅਲਾਟ ਕੀਤੀ ਗਈ ਕਿਉਂਕਿ ਇਸ ਪਾਰਕ 'ਚ ਹੋਰ ਵੀ ਕਾਫੀ ਜਗ੍ਹਾ ਮੌਜੂਦ ਹੈ ਜਿਥੇ ਕਿ ਪ੍ਰਵਾਸੀਆਂ ਦੀਆਂ ਰੇਹੜੀਆਂ ਤੇ ਫੜੀਆਂ ਲਗਾਈਆਂ ਜਾਂਦੀਆਂ ਹਨ | ਬੀ. ਐਂਡ ਆਰ. ਵਿਭਾਗ ਦੇ ਜੇ. ਈ. ਕਾਰਤਿਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੇਹੜੀਆਂ ਤੇ ਫੜੀਆਂ ਵਾਲਿਆਂ ਨੂੰ ਫਾਇਰ ਸਟੇਸ਼ਨ ਦੇ ਪਿਛਲੇ ਪਾਸੇ ਜਗਾ ਅਲਾਟ ਕਰਨ ਲਈ ਉਸ ਨੂੰ ਪੱਧਰਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ |