ਮਲਸੀਆਂ, 12 ਅਪ੍ਰੈਲ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਮਲਸੀਆਂ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਤੇ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ, ਜਦ ਕਿ ਇਕ ਸਾਲ ਦੀ ਬੱਚੀ ਹਾਦਸੇ 'ਚ ਵਾਲ-ਵਾਲ ਬਚ ਗਈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ (32) ਪੁੱਤਰ ਗੁਰਮੇਜ, ਮੋਹਿਤ (22) ਪੁੱਤਰ ਪਰਮਜੀਤ ਦੋਵੇਂ ਵਾਸੀ ਲੋਹੀਆਂ ਖਾਸ, ਕਾਲਾ ਰਾਮ ਪੁੱਤਰ ਧਰਮ ਚੰਦ, ਰਾਣੀ ਪਤਨੀ ਕਾਲਾ ਰਾਮ ਤੇ ਇਕ ਛੋਟੀ ਬੱਚੀ (ਤਿੰਨੋਂ) ਵਾਸੀ ਮਹੱਲਾ ਰਵਿਦਾਸਪੁਰਾ ਨਕੋਦਰ (ਕੁਲ 5 ਵਿਅਕਤੀ) ਜੋ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਲੋਹੀਆਂ ਤੋਂ ਨਕੋਦਰ ਜਾ ਰਹੇ ਸਨ, ਜਦ ਇਹ ਮਲਸੀਆਂ ਦੇ ਲੋਹੀਆਂ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਮੋਟਰਸਾਈਕਲ 'ਤੇ ਆ ਰਹੇ ਲਤੀਫ ਅਲੀ ਪੁੱਤਰ ਪਰਮਜੀਤ ਵਾਸੀ ਪੰਡੋਰੀ ਮੱਟੂਆ ਨਾਲ ਟਕਰਾਉਣ ਨਾਲ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਰਾਹੁਲ ਪੁੱਤਰ ਗੁਰਮੇਜ ਤੇ ਮੋਹਿਤ ਪੁੱਤਰ ਪਰਮਜੀਤ ਦੀ ਸ਼ਾਹਕੋਟ ਤੋਂ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਰੇਤਾਂ ਨਾਲ ਓਵਰਲੋਡ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਹਾਦਸੇ 'ਚ ਜ਼ਖ਼ਮੀ ਕਾਲਾ ਰਾਮ ਪੁੱਤਰ ਧਰਮ ਚੰਦ ਤੇ ਰਾਣੀ ਪਤਨੀ ਕਾਲਾ ਰਾਮ ਨੂੰ ਆਸ-ਪਾਸ ਦੇ ਲੋਕਾਂ ਵਲੋਂ ਐਂਬੂਲੈਂਸ ਰਾਹੀਂ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ, ਜਿਥੇ ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ | ਸੜਕ ਹਾਦਸੇ 'ਚ ਕਰੀਬ ਇਕ ਸਾਲ ਦੀ ਬੱਚੀ ਵਾਲ-ਵਾਲ ਬਚ ਗਈ | ਹਾਦਸੇ ਉਪਰੰਤ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਮਲਸੀਆਂ ਪੁਲਿਸ ਵਲੋਂ ਮਿ੍ਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ | ਮਲਸੀਆਂ ਚੌਕੀ ਇੰਚਾਰਜ ਨੇ ਦੱਸਿਆ ਕਿ ਮਿ੍ਤਕ ਰਾਹੁਲ ਦੇ ਪਿਤਾ ਗੁਰਮੇਜ ਦੇ ਬਿਆਨਾਂ 'ਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਪਰਚਾ ਦਰਜ ਕਰਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ | ਇਹ ਹਾਦਸਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਕੈਦ ਹੋ ਚੁੱਕਾ ਹੈ |