ਜਲੰਧਰ, 13 ਅਪ੍ਰੈਲ (ਸ਼ੈਲੀ)-ਵਿਸਾਖੀ ਦੇ ਸ਼ੁੱਭ ਮੌਕੇ ਸੰਬੰਧੀ ਸ੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਵਲੋਂ ਮੇਲੇ ਦੀਆਂ ਤਿਆਰੀਆਂ ਸੰਪੂਰਨ ਹੋ ਚੁੱਕਿਆ ਹਨ | ਇਸ ਦੌਰਾਨ ਮੰਦਰ ਨੂੰ ਸੁੰਦਰ ਲਾਈਟਿੰਗ ਨਾਲ ਸਜਾਇਆ ਗਿਆ ਹੈ | ਸ਼ਰਧਾਲੂ ਸਵੇਰੇ 4 ਵਜੇ ਤੋਂ ਹੀ ਮੰਦਰ ਦੇ ਪਵਿਤਰ ਸਰੋਵਰ 'ਚ ਇਸ਼ਨਾਨ ਕਰ ਸਕਣਗੇ | ਅੱਜ ਮੰਦਰ 'ਚ ਲੱਗਣ ਵਾਲਾ ਵੈਸਾਖੀ ਮੇਲਾ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸ਼ੀਤਲ ਵਿਜ ਦੀ ਪ੍ਰਧਾਨਗੀ ਹੇਠ ਮਨਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸ਼ੀਤਲ ਵਿਜ, ਜਨਰਲ ਸਕੱਤਰ ਰਾਜੇਸ਼ ਵਿਜ, ਸੀਨੀਅਰ ਉਪ ਪ੍ਰਧਾਨ ਲਲਿਤ ਗੁਪਤਾ ਤੇ ਖਜ਼ਾਨਚੀ ਪਵਿੰਦਰ ਬਹਿਲ ਨੇ ਦੱਸਿਆ ਕਿ ਸੰਤ ਸਮਾਜ ਦੀ ਅਗਵਾਈ ਹੇਠ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਦੇ ਪਵਿੱਤਰ ਦਰਬਾਰ ਵਿਚ 14 ਅਪ੍ਰੈਲ ਵੈਸਾਖੀ ਵਾਲੇ ਦਿਨ ਸਵੇਰੇ 4 ਵਜੇ ਸ਼ਾਹੀ ਇਸ਼ਨਾਨ ਹੋਵੇਗਾ | ਅÏਰਤਾਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਦਿਨ ਭਰ ਭਾਰਤ ਦੇ ਪ੍ਰਸਿੱਧ ਕਲਾਕਾਰ, ਜਿਨ੍ਹਾਂ ਵਿਚ ਮਹੰਤ ਅਸ਼ਵਨੀ ਸ਼ਰਮਾ, ਰਾਘਵ ਸ਼ਰਮਾ ਐਂਡ ਪਾਰਟੀ, ਗਾਇਕ ਅਸ਼ੋਕ ਨਿਮਾਣਾ ਐਂਡ ਪਾਰਟੀ, ਮਾਸਟਰ ਆਰੀਅਨ ਐਂਡ ਪਾਰਟੀ, ਅਤੇ ਰਿੱਕੀ ਅਰੋੜਾ ਐਂਡ ਪਾਰਟੀ ਮਹਾਮਾਈ ਦਾ ਗੁਣਗਾਣ ਕਰਨਗੇ | ਮੰਦਰ ਪ੍ਰਬੰਧਕ ਕਮੇਟੀ ਵਲੋਂ ਦਿਨ ਭਰ ਲੰਗਰ ਦਾ ਪ੍ਰਬੰਧ ਰਹੇਗਾ |