ਚੁਗਿੱਟੀ/ਜੰਡੂਸਿੰਘਾ, 20 ਅਪ੍ਰੈਲ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ 'ਚ ਅਕਸਰ ਲੱਗਦੇ ਜਾਮ ਕਾਰਨ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਰਾਹਗੀਰਾਂ ਦਾ ਕਹਿਣਾ ਹੈ ਕਿ ਮਾਰਕੀਟ 'ਚ ਪੁਲਿਸ ਗਸ਼ਤ ਨਾ ਹੋਣ ਕਾਰਨ ਕਈ ਲਾਪ੍ਰਵਾਹ ਵਾਹਨ ਚਾਲਕ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿਸ ਕਾਰਨ ਜਾਮ ਦੀ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ | ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ, ਸੁਰਿੰਦਰ ਕੁਮਾਰ, ਰੀਟਾ ਰਾਣੀ, ਜਸਵੀਰ ਸਿੰਘ, ਮਨਦੀਪ ਸ਼ਰਮਾ, ਗੀਤਾ ਦੇਵੀ, ਸੁਰਜੀਤ ਰਾਏ, ਅਮਰਜੀਤ ਸਿੰਘ, ਰਾਮ ਨਰਾਇਣ, ਜਨਕ ਰਾਜ, ਪ੍ਰਭਾ ਸ਼ਰਮਾ, ਵਰਿੰਦਰ ਸਿੰਘ, ਰਾਮਜੀ ਦਾਸ, ਲਹਿੰਬਰ ਸਿੰਘ ਤੇ ਸਰਬਜੀਤ ਸਿੰਘ ਸਮੇਤ ਕਈ ਹੋਰ ਰਾਹਗੀਰਾਂ ਨੇ ਦੱਸਿਆ ਕਿ ਉਕਤ ਮਾਰਕੀਟ 'ਚ ਰੇਲਵੇ ਫਾਟਕ ਸਥਿਤ ਹੈ, ਜਿਥੋਂ ਕਿ ਰੇਲ ਗੱਡੀਆਂ ਦੀ ਵਧੇਰੇ ਆਵਾਜਾਈ ਕਾਰਨ ਫਾਟਕ ਜ਼ਿਆਦਾਤਰ ਬੰਦ ਹੀ ਰੱਖਿਆ ਜਾਂਦਾ ਹੈ | ਉਸ ਦੌਰਾਨ ਫਾਟਕ ਦੇ ਦੋਵੇਂ ਪਾਸੇ ਵਾਹਨਾਂ ਦਾ ਦੂਰ-ਦੂਰ ਤੱਕ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲ ਝੱਲਣੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਪ੍ਰੇਸ਼ਾਨੀ ਉਦੋਂ ਹੋਰ ਗੰਭੀਰ ਹੋ ਜਾਂਦੀ ਹੈ, ਜਦੋਂ ਜਲਦਬਾਜ਼ੀ ਦੇ ਚੱਕਰ 'ਚ ਕਈ ਵਾਹਨ ਚਾਲਕ ਤੇਜ਼ੀ ਵਰਤਦੇ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਨ | ਉਸ ਸਮੇਂ ਕਈ ਵਾਰ ਵਾਹਨਾਂ ਦੀ ਅਚਾਨਕ ਟੱਕਰ ਹੋ ਜਾਣ 'ਤੇ ਚਾਲਕਾਂ 'ਚ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਕਈ ਵਾਰ ਤਾਂ ਗੱਲ ਲੜਾਈ ਤੱਕ ਪਹੁੰਚ ਜਾਂਦੀ ਹੈ | ਉਸ ਵੇਲੇ ਜਾਮ 'ਚ ਫਸੇ ਲੋਕਾਂ ਨੂੰ ਹੋਰ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਤਾਇਨਾਤ ਕੀਤੇ ਜਾਣ ਨਾਲ ਲਾਪ੍ਰਵਾਹ ਵਾਹਨ ਚਾਲਕਾਂ ਵਿਰੁੱਧ ਸ਼ਿਕੰਜਾ ਕੱਸਿਆ ਜਾ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ | ਉਨ੍ਹਾਂ ਵਲੋਂ ਉੱਚ ਪੁਲਿਸ ਅਫ਼ਸਰਾਂ ਨੂੰ ਇਸ ਮਸਲੇ ਪ੍ਰਤੀ ਸੰਜੀਦਗੀ ਵਰਤਣ ਦੀ ਅਪੀਲ ਕੀਤੀ ਗਈ ਹੈ |