ਜਲੰਧਰ, 21 ਅਪ੍ਰੈਲ (ਐੱਮ. ਐੱਸ. ਲੋਹੀਆ) - 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' 'ਚ ਸ਼ਾਮਿਲ ਪਾਰਟੀਆਂ; ਸੀ.ਪੀ.ਆਈ. ਪੰਜਾਬ ਦੇ ਸਕੱਤਰ ਨਿਰਮਲ ਧਾਲੀਵਾਲ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ.ਪੀ.ਆਈ. (ਐੱਮ.ਐੱਲ.) ਨਿਊ ਡੈਮੋਕ੍ਰੇਸੀ ਦੇ ਸੀਨੀਅਰ ਆਗੂ ਅਜਮੇਰ ਸਿੰਘ ਸਮਰਾ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਬਖਤਪੁਰ ਅਤੇ ਐਮ.ਸੀ.ਪੀ.ਆਈ. (ਯੂ) ਦੀ ਪੋਲਿਟ ਬਿਊਰੋ ਦੇ ਮੈਂਬਰ ਕਿਰਨਜੀਤ ਸੇਖੋਂ ਨੇ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਸਮੂਹ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਹੈ, ਕਿ ਮੋਦੀ ਸਰਕਾਰ, ਜਿਸ ਦਿਨ ਵੀ ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਦਾ ਲੋਕ ਮਾਰੂ ਐਲਾਨ ਕਰੇ, ਉਸ ਤੋਂ ਠੀਕ ਅਗਲੇ ਦਿਨ ਹਰ ਪਿੰਡ, ਕਸਬੇ, ਸ਼ਹਿਰ 'ਚ ਅਤੇ ਮਿਲ ਗੇਟ 'ਤੇ ਖੇਤਾਂ 'ਚ ਆਮ ਲੋਕਾਂ ਨੂੰ ਨਾਲ ਲੈ ਕੇ ਤਿੱਖੇ ਰੋਸ ਪ੍ਰਗਟਾਵੇ ਕੀਤੇ ਜਾਣ | ਫਰੰਟ ਦੇ ਆਗੂਆਂ ਨੇ ਦੂਜੇ ਖੱਬੇ ਪੱਖੀ ਤੇ ਲੋਕ ਹਿਤੈਸ਼ੀ ਦਲਾਂ, ਜਨਤਕ ਜਥੇਬੰਦੀਆਂ ਅਤੇ ਨਿਆਂ ਪਸੰਦ ਸੰਗਠਨਾਂ ਤੇ ਸ਼ਖਸੀਅਤਾਂ ਨੂੰ ਵੀ ਮੋਦੀ ਦੇ ਲੋਕ ਮਾਰੂ ਕਦਮਾਂ ਦਾ ਡੱਟਵਾਂ ਵਿਰੋਧ ਕਰਨ ਲਈ ਉਕਤ ਪ੍ਰਤੀਰੋਧ ਐਕਸ਼ਨਾਂ 'ਚ ਵਧ-ਚੜ੍ਹ ਕੇ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ | ਬਿਆਨ ਰਾਹੀਂ ਕਿਹਾ ਗਿਆ ਹੈ ਕਿ, ''ਸਾਮਰਾਜੀ ਧਾੜਵੀ ਅਮਰੀਕਾ ਤੇ ਉਸਦੇ ਜੋਟੀਦਾਰ ਇਜ਼ਰਾਈਲ ਵਲੋਂ ਇਰਾਨ ਖਿਲਾਫ਼ ਵਿੱਢੀ ਨਿਹੱਕੀ ਜੰਗ ਨੇ ਪਹਿਲਾਂ ਤੋਂ ਹੀ ਸੰਕਟ 'ਚ ਘਿਰੇ ਸੰਸਾਰ ਪੂੰਜੀਵਾਦੀ ਪ੍ਰਬੰਧ ਦਾ ਸਮੁੱਚਾ ਆਰਥਚਾਰਾ ਹੋਰ ਡੂੰਘੀ ਖਾਈ 'ਚ ਸੁੱਟ ਦਿੱਤਾ ਹੈ | ਜੰਗ ਦੇ ਸਿੱਟੇ ਵਜੋਂ ਕੱਚੇ ਤੇਲ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਨਾਲ ਲੱਕ ਤੋੜ ਮਹਿੰਗਾਈ, ਭੁੱਖਮਰੀ ਤੇ ਬੇਰੁਜ਼ਗਾਰੀ ਛਾਲਾਂ ਮਾਰ ਕੇ ਵਧੀ ਹੈ | ਨਤੀਜਾ ਵਿਸ਼ਵ ਦੀ ਸਮੁੱਚੀ ਕਿਰਤੀ ਜਮਾਤ ਚੌਤਰਫ਼ਾ ਮੁਸੀਬਤਾਂ 'ਚ ਘਿਰ ਗਈ ਹੈ, ਜਦਕਿ ਅਮਰੀਕਾ ਦੇ ਹਥਿਆਰ ਨਿਰਮਾਤਾਵਾਂ ਤੇ ਹੋਰ ਜੰਗੀ ਸਾਜੋ-ਸਮਾਨ ਤਿਆਰ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ 'ਚ ਅਣਕਿਆਸਿਆ ਵਾਧਾ ਹੋਇਆ ਹੈ | ਆਗੂਆਂ ਨੇ ਕਿਹਾ ਕਿ 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਦੀ ਰਾਇ ਹੈ ਕਿ, ''ਭਾਰਤ ਦੀਆਂ ਤੇਲ ਕੰਪਨੀਆਂ ਨੇ ਲਗਾਤਾਰ ਇਕ ਕੂੜ ਪ੍ਰਚਾਰ ਵਿੱਢਿਆ ਹੋਇਆ ਹੈ ਕਿ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ 'ਚ ਵਾਧੇ ਦੀ ਇਜ਼ਾਜ਼ਤ ਨਾ ਦੇਣ ਕਾਰਨ ਉਹ ਵੱਡੇ ਵਿੱਤੀ ਘਾਟੇ ਦੀ ਮਾਰ ਹੇਠ ਹਨ | ਇਸ ਲਈ ਇਸ ਬੇਤਹਾਸ਼ਾ ਪ੍ਰਸ਼ਾਸਨਿਕ ਲੁੱਟ ਤੋਂ ਮੁਕਤੀ ਹਾਸਲ ਕਰਨ ਲਈ ਲੋਕਾਂ ਕੋਲ ਸੰਘਰਸ਼ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਬਚਦਾ |