ਗੁਰਾਇਆ, 8 ਮਈ (ਬਲਵਿੰਦਰ ਸਿੰਘ)-ਬਲਾਕ ਖੇਤੀਬਾੜੀ ਦਫ਼ਤਰ, ਰੁੜਕਾ ਕਲਾਂ ਵਲੋਂ ਆਤਮਾ ਸਕੀਮ ਅਧੀਨ ਮੁੱਖ ਖੇਤੀਬਾੜੀ ਅਫ਼ਸਰ, ਡਾ ਜਸਵਿੰਦਰ ਸਿੰਘ ਦੀ ਅਗਵਾਈ ਅਧੀਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਵਲੋਂ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ਉੱਪਰ ਖਾਦ ਦੀ ਵਰਤੋਂ ਕਰਨ ਲਈ ਕਿਹਾ ਗਿਆ ਤਾਂ ਕਿ ਘੱਟ ਖਰਚੇ ਨਾਲ ਵੱਧ ਉਤਪਾਦਨ ਲਿਆ ਜਾ ਸਕੇ | ਡਾ ਸੰਜੀਵ ਕੁਮਾਰ ਡਿਪਟੀ ਡਾਇਰੈਕਟਰ ਕੇ ਵੀ ਕੇ ਨੂਰਮਹਿਲ ਵਲੋਂ ਝੋਨੇ ਉੱਪਰ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਸੰਬੰਧੀ ਜਾਗਰੂਕ ਕੀਤਾ ਗਿਆ | ਡਾ. ਪ੍ਰਭਜੀਤ ਕੌਰ ਫ਼ਸਲ ਵਿਗਿਆਨੀ ਵਲੋਂ ਝੋਨੇ ਵਿਚ ਪੱਤਾ ਰੰਗ ਚਾਰਟ ਦੀ ਵਰਤੋਂ ਵਾਰੇ ਦੱਸਿਆ | ਕੀਟ ਵਿਗਿਆਨੀ ਡਾ ਹਰਵਿੰਦਰ ਸਿੰਘ ਵਲੋਂ ਝੋਨੇ ਦੇ ਮਧਰੇ ਰੋਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਡਾ. ਗੁਰਦੀਪ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਵਲੋਂ ਝੋਨੇ ਵਿਚ ਜ਼ਿੰਕ ਅਤੇ ਲੋਹੇ ਦੀ ਘਾਟ ਦੀ ਨਿਸ਼ਾਨਿਆਂ ਬਾਰੇ ਦਸਿਆ ਗਿਆ | ਮਾਰਕੀਟਿੰਗ ਸੈਕਸ਼ਨ ਜਲੰਧਰ ਤੋ ਆਏ ਵਲੋਂ ਡਾ ਗੁਰਪ੍ਰੀਤ ਸਿੰਘ ਵਲੋਂ ਫ਼ਸਲਾਂ ਦੇ ਸੁਚੱਜੇ ਮੰਡੀਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ | ਡਾ ਸੁਖਚੈਨ ਸਿੰਘ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿਚ ਨਦੀਨਾਂ ਦੇ ਕੰਟਰੋਲ ਕਰਨ ਦੇ ਨੁਕਤੇ ਸਾਂਝੇ ਕੀਤੇ ਗਏ | ਡਾ. ਅਨੀਸ਼ ਚੰਦਰ ਵਲੋਂ ਫ਼ਸਲੀ ਵਿਭਿੰਨਤਾ ਅਧੀਨ ਮੱਕੀ ਲਗਾਉਣ ਲਈ ਉਤਸ਼ਾਹਿਤ ਕਰਦੇ ਕਿਹਾ ਕਿ ਸਰਕਾਰ ਵਲੋਂ 17500- ਰੁਪੇ ਪ੍ਰਤੀ ਹੈਕਟੇਅਰ ਕਿਸਾਨਾਂ ਨੂੰ ਮੱਕੀ ਉਗਾਉਣ ਲਈ ਦਿੱਤੇ ਜਾ ਰਹੇ ਹਨ | ਅੰਤ ਵਿਚ ਡਾ ਰਮਨਦੀਪ ਖੇਤੀਬਾੜੀ ਵਿਕਾਸ ਅਫ਼ਸਰ ਰੁੜਕਾ ਕਲਾਂ ਵਲੋਂ ਧੰਨਵਾਦ ਕੀਤਾ ਗਿਆ |