ਜਲੰਧਰ, 9 ਮਈ (ਸ਼ਿਵ)-ਸ਼ਹਿਰ ਦੇ ਗੰਦੇ ਪਾਣੀਆਂ ਨੂੰ ਲੈ ਕੇ ਨਗਰ ਨਿਗਮ ਨੂੰ ਹੋਏ 7 ਕਰੋੜ ਦਾ ਜੁਰਮਾਨਾ ਲੱਗਣ ਦੇ ਮਾਮਲੇ ਨੇ ਕਈਆਂ ਦੀ ਨੀਂਦ ਉਡਾ ਦਿੱਤੀ ਹੈ ਤੇ ਸੋਮਵਾਰ ਨੂੰ ਇਸ ਮਾਮਲੇ ਵਿਚ ਸ਼ਹਿਰ ਦੇ ਸੀਵਰੇਜ ਟਰੀਟਮੈਂਟ ਚਲਾਉਣ ਵਾਲੇ ਠੇਕੇਦਾਰ ਅਤੇ ਵਿਭਾਗੀ ਅਫ਼ਸਰਾਂ ਦੀ ਜਵਾਬ ਤਲਬੀ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਬੀਤੇ ਦਿਨੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਕਾਲਾ ਸੰਘਿਆਂ ਡਰੇਨ, ਜਮਸ਼ੇਰ ਡਰੇਨ, ਚਿੱਟੀ ਵੇਈਾ ਵਿਚ ਪੈ ਰਹੇ ਗੰਦੇ ਪਾਣੀ ਰੋਕਣ,ਵਰਿਆਣਾ ਕੂੜਾ ਡੰਪ ਨੂੰ ਸਮੇਟਣ ਅਤੇ ਸ਼ਹਿਰ ਦੇ ਸਾਰੇ ਐੱਸ.ਟੀ.ਪੀਜ਼ ਦੀ ਕਾਰਗੁਜ਼ਾਰੀ ਬਾਰੇ ਸਮੀਖਿਆ ਮੀਟਿੰਗ ਕੀਤੀ ਸੀ | ਮੀਟਿੰਗ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਤਿੰਨ ਟਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਤਸੱਲੀ ਬਖ਼ਸ਼ ਨਾ ਹੋਣ ਕਾਰਨ 7 ਕਰੋੜ ਦਾ ਵਾਤਾਵਰਨ ਹਰਜਾਨਾ ਲੱਗ ਚੁੱਕਾ ਹੈ | ਸੰਤ ਸੀਚੇਵਾਲ ਨੇ ਕਿ ਅਫ਼ਸਰਾਂ ਦੀ ਲਾਪਰਵਾਹੀ ਕਾਰਨ ਜਿਹੜਾ 7 ਕਰੋੜ ਦਾ ਹਰਜਾਨਾ ਲੱਗਾ ਹੈ ਉਸ ਦਾ ਬੋਝ ਆਮ ਲੋਕਾਂ 'ਤੇ ਪਵੇਗਾ |ਜਦ ਕਿ ਇਸ ਬਾਰੇ ਅਫ਼ਸਰਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ | ਬੀਤੇ ਦਿਨੀਂ ਬਸਤੀ ਪੀਰ ਦਾਦ ਦੇ 50 ਐਮ.ਐਲ.ਡੀ. ਟਰੀਟਮੈਂਟ ਪਲਾਂਟ ਦੀ ਕਾਰਗੁਜ਼ਾਰੀ ਤਸੱਲੀ ਬਖ਼ਸ਼ ਨਾ ਹੋਣ 'ਤੇ ਸੰਤ ਸੀਚੇਵਾਲ ਨੇ ਅਧਿਕਾਰੀ ਨਾਲ ਨਾਰਾਜ਼ਗੀ ਪ੍ਰਗਟਾਈ | ਪਲਾਂਟ ਵਿਚੋਂ ਨਿਕਲਣ ਵਾਲੀ ਰਹਿੰਦ ਖੰੂਹਦ ਦਾ ਰਿਕਾਰਡ ਨਾ ਰੱਖੇ ਜਾਣ 'ਤੇ ਵੀ ਸੰਤ ਸੀਚੇਵਾਲ ਨੇ ਅਧਿਕਾਰੀਆਂ ਦੀ ਖਿਚਾਈ ਕੀਤੀ ਸੀ | 7 ਕਰੋੜ ਦਾ ਜੁਰਮਾਨਾ ਲੱਗਣ ਤੋਂ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਉਨਾਂ ਨੇ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਦਾ ਰੱਖ-ਰਖਾਅ ਠੇਕੇਦਾਰਾਂ ਵਲੋਂ ਕੀਤਾ ਜਾਂਦਾ ਹੈ | ਉਨਾਂ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਜੇਕਰ ਪਾਣੀ ਸਾਫ਼ ਕਰਕੇ ਨਾਲੇ ਵਿਚ ਨਹੀਂ ਪਾਇਆ ਜਾਂਦਾ ਤਾਂ ਸਾਂਭ-ਸੰਭਾਲ ਦੇ ਕਰੋੜਾਂ ਰੁਪਏ ਦੇ ਬਿੱਲ ਕਿਸ ਤਰਾਂ ਨਾਲ ਪਾਸ ਹੋ ਰਹੇ ਹਨ | ਉਨਾਂ ਕਿਹਾ ਕਿ ਉਹ ਸੋਮਵਾਰ ਨੂੰ ਮੇਅਰ ਵਨੀਤ ਧੀਰ ਨੂੰ ਕਹਿ ਕੇ ਇਸ ਮਸਲੇ 'ਤੇ ਮੀਟਿੰਗ ਸੱਦਣ ਲਈ ਕਹਿਣਗੇ ਤਾਂ ਜੋ ਠੇਕੇਦਾਰਾਂ ਅਤੇ ਵਿਭਾਗੀ ਅਫ਼ਸਰਾਂ ਦੀ ਜਵਾਬਦੇਹੀ ਤੈਅ ਕੀਤੀ ਜਾ ਸਕੇ | ਚੇਤੇ ਰਹੇ ਕਿ ਪਿਛਲੇ ਸਾਲ ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਜੈਤੇਵਾਲੀ ਸੀਵਰੇਜ ਟਰੀਟਮੈਂਟ ਦਾ ਦੌਰਾ ਕਰਕੇ ਕਈ ਖ਼ਾਮੀਆਂ ਫੜੀਆਂ ਸੀ | ਜ਼ਿਆਦਾ ਮੋਟਰਾਂ ਖ਼ਰਾਬ ਸੀ ਤਾਂ ਕਾਫੀ ਪਾਣੀ ਸਿੱਧਾ ਹੀ ਅੱਗੇ ਜਾ ਰਿਹਾ ਸੀ | ਇਸ ਮਾਮਲੇ ਵਿਚ ਕੋਈ ਸਖ਼ਤ ਕਾਰਵਾਈ ਨਹੀਂ ਹੋਈ ਜਿਸ ਕਰਕੇ ਹੁਣ ਨਿਗਮ ਨੂੰ ਵੱਡੀ ਰਕਮ ਦਾ ਜੁਰਮਾਨਾ ਲੱਗਾ ਹੈ |