ਜਲੰਧਰ, 9 ਮਈ (ਡਾ.ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਅਥਲੈਟਿਕਸ ਐੋਸੋਸੀਏਸ਼ਨ ਵੱਲੋਂ 7 ਅਤੇ 8 ਮਈ 2026 ਨੂੰ ਦੋ ਦਿਨਾਂ ਜ਼ਿਲ੍ਹਾ ਜਲੰਧਰ ਅਥਲੈਟਿਕ ਮੀਟ ਦਾ ਬਹੁਤ ਹੀ ਸ਼ਾਨਦਾਰ ਅਤੇ ਯਾਦਗਾਰ ਆਯੋਜਨ ਕਰਵਾਇਆ ਗਿਆ | ਇਹ ਸਮਾਗਮ ਮਹਾਨ ਸਿੱਖ ਯੋਧਿਆਂ ਸ. ਜੱਸਾ ਸਿੰਘ ਆਹਲੂਵਾਲੀਆ ਤੇ ਸ. ਜੱਸਾ ਸਿੰਘ ਰਾਮਗੜੀਆ ਦੀ ਮਹਾਨ ਬਹਾਦਰੀ, ਕੌਮੀ ਸੇਵਾ ਅਤੇ ਪੰਜਾਬ ਦੀ ਵੀਰਤਾ ਭਰੀ ਵਿਰਾਸਤ ਨੂੰ ਸਮਰਪਿਤ ਕੀਤਾ ਗਿਆ | ਸਾਲ 2026 ਵਿੱਚ ਸ੍ਰੀ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 5 ਮਈ ਨੂੰ 302ਵੀਂ ਜਨਮ ਸ਼ਤਾਬਦੀ ਅਤੇ ਸ੍ਰੀ ਜੱਸਾ ਸਿੰਘ ਆਹਲੂਵਾਲੀਆ ਜੀ ਦੀ 3 ਮਈ ਨੂੰ 313ਵੀਂ ਜਨਮ ਸ਼ਤਾਬਦੀ ਦੇ ਮੌਕੇ 'ਤੇ ਸੰਘ ਵੱਲੋਂ ਦੋਵੇਂ ਮਹਾਨ ਯੋਧਿਆਂ ਦੀ ਯਾਦ ਵਿੱਚ ਵਿਸ਼ੇਸ਼ ਚੈਂਪੀਅਨਸ਼ਿਪ ਟਰਾਫੀਆਂ ਭੇਟ ਕੀਤੀਆਂ ਗਈਆਂ | ਸਮਾਗਮ ਦੌਰਾਨ ਖਿਡਾਰੀਆਂ ਅਤੇ ਹਾਜ਼ਰੀਨ ਵੱਲੋਂ ਮਹਾਨ ਸੂਰਮਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪੰਜਾਬ ਦੀ ਸ਼ਾਨਦਾਰ ਇਤਿਹਾਸਕ ਵਿਰਾਸਤ ਨੂੰ ਯਾਦ ਕੀਤਾ ਗਿਆ | ਸਮਾਗਮ ਦੌਰਾਨ ਵੀਰ ਰਸ ਨਾਲ ਭਰਪੂਰ ਮਾਹੌਲ ਬਣਿਆ ਰਿਹਾ ਅਤੇ ਨੌਜਵਾਨ ਖਿਡਾਰੀਆਂ ਵਿੱਚ ਦੇਸ਼ਭਗਤੀ, ਅਨੁਸ਼ਾਸਨ ਅਤੇ ਹੌਸਲੇ ਦੀ ਭਾਵਨਾ ਸਪਸ਼ਟ ਤੌਰ 'ਤੇ ਦੇਖਣ ਨੂੰ ਮਿਲੀ | ਇਸ ਦੋ ਦਿਨਾਂ ਅਥਲੈਟਿਕ ਮੀਟ ਵਿੱਚ ਜਿਲੇ ਦੇ ਵੱਖ-ਵੱਖ ਸਕੂਲਾਂ, ਅਕੈਡਮੀਆਂ ਅਤੇ ਖੇਡ ਸੰਸਥਾਵਾਂ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ | ਅੰਡਰ-10 ਤੋਂ ਅੰਡਰ-18 ਉਮਰ ਵਰਗਾਂ ਤੱਕ ਦੇ ਬੱਚਿਆਂ ਨੇ ਦੌੜਾਂ, ਲੰਬੀ ਛਾਲ, ਉੱਚੀ ਛਾਲ, ਵੋਰਟੈਕਸ ਥ੍ਰੋ ਅਤੇ ਹੋਰ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਖਿਡਾਰੀਆਂ ਨੇ ਪੂਰੇ ਜੋਸ਼, ਖੇਡ ਭਾਵਨਾ ਅਤੇ ਅਨੁਸ਼ਾਸਨ ਨਾਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਿਸ ਨਾਲ ਸਮਾਗਮ ਦਾ ਪੱਧਰ ਹੋਰ ਵੀ ਉੱਚਾ ਹੋ ਗਿਆ | ਜਿਲ੍ਹਾ ਜਲੰਧਰ ਅਥਲੈਟਿਕਸ ਸੰਘ ਦੇ ਪ੍ਰਧਾਨ ਰਮਨਜੀਤ ਸਿੰਘ ਰੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਧਰਤੀ ਸਦਾ ਹੀ ਵੀਰਾਂ, ਯੋਧਿਆਂ ਅਤੇ ਖਿਡਾਰੀਆਂ ਦੀ ਧਰਤੀ ਰਹੀ ਹੈ ਅਤੇ ਅੱਜ ਦੇ ਨੌਜਵਾਨਾਂ ਨੂੰ ਮਹਾਨ ਸਿੱਖ ਯੋਧਿਆਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਖੇਡਾਂ ਅਤੇ ਸਮਾਜ ਸੇਵਾ ਵਿੱਚ ਅੱਗੇ ਆਉਣਾ ਚਾਹੀਦਾ ਹੈ | ਸਕੱਤਰ ਸਰਬਜੀਤ ਸਿੰਘ ਹੈਪੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਸਮਾਗਮ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਨੇ ਕਿਹਾ ਕਿ ਖੇਡਾਂ ਸਿਰਫ਼ ਮੈਡਲ ਜਿੱਤਣ ਦਾ ਸਾਧਨ ਨਹੀਂ, ਸਗੋਂ ਚੰਗਾ ਇਨਸਾਨ ਬਣਾਉਣ ਦਾ ਮਾਧਿਅਮ ਵੀ ਹਨ | ਸਮਾਗਮ ਦੇ ਅੰਤ ਵਿੱਚ ਵੱਖ-ਵੱਖ ਇਵੈਂਟਾਂ ਦੇ ਜੇਤੂ ਖਿਡਾਰੀਆਂ ਨੂੰ ਮੈਡਲਾਂ, ਸਰਟੀਫਿਕੇਟਾਂ ਅਤੇ ਚੈਂਪੀਅਨਸ਼ਿਪ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ | ਸੰਘ ਵੱਲੋਂ ਸਮੂਹ ਕੋਚਾਂ, ਤਕਨੀਕੀ ਅਧਿਕਾਰੀਆਂ, ਵਲੰਟੀਅਰਾਂ, ਮਾਪਿਆਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਮਿਹਨਤ ਅਤੇ ਸਹਿਯੋਗ ਨਾਲ ਇਹ ਜ਼ਿਲ੍ਹਾ ਐਥਲੈਟਿਕ ਮੀਟ ਬਹੁਤ ਹੀ ਸਫਲ ਅਤੇ ਯਾਦਗਾਰ ਬਣ ਸਕੀ | ਅੰਤ ਵਿੱਚ ਸਮੂਹ ਹਾਜ਼ਰੀਨ ਨੇ ਇਹ ਸੰਕਲਪ ਲਿਆ ਕਿ ਪੰਜਾਬ ਦੀ ਖੇਡ ਅਤੇ ਵੀਰਤਾ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ ਕੇ ਇੱਕ ਤੰਦਰੁਸਤ ਅਤੇ ਮਜ਼ਬੂਤ ਸਮਾਜ ਦੀ ਸਿਰਜਣਾ ਕੀਤੀ |