ਜਲੰਧਰ, 11 ਮਈ (ਜਤਿੰਦਰ ਪੰਮੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ 'ਚ 6.50 ਲੱਖ ਬੂਟੇ ਲਗਾਏ ਜਾਣਗੇ | ਏ.ਡੀ.ਸੀ (ਪੇਂਡੂ ਵਿਕਾਸ) ਨੇ ਵੱਖ-ਵੱਖ ਵਿਭਾਗਾਂ ਕੋਲੋਂ ਬੂਟਿਆਂ ਦੀ ਮੰਗ ਤੇ ਬੂਟੇ ਲਾਉਣ ਵਾਲੀਆਂ ਥਾਵਾਂ ਦਾ ਵੇਰਵਾ 10 ਦਿਨਾਂ ਦੇ ਅੰਦਰ-ਅੰਦਰ ਭੇਜਣ ਦੇ ਨਿਰਦੇਸ਼ ਦਿੱਤੇ ਹਨ | ਇਸ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ. ਵਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਤਹਿਤ ਜ਼ਿਲ੍ਹੇ |ਚ 6.50 ਲੱਖ ਬੂਟੇ ਲਗਾਏ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਤੇਜਦੀਪ ਸਿੰਘ ਸੈਣੀ ਵੀ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿੰਨੀ ਫਾਰੈਸਟ, ਮੈਡੀਸਨਲ ਪਲਾਂਟੇਸ਼ਨ, ਫਲਦਾਰ ਤੇ ਫੁੱਲਦਾਰ ਬੂਟੇ ਲਗਾਉਣ ਦੇ ਨਾਲ-ਨਾਲ ਟਿੰਬਰ ਕਿਸਮਾਂ ਵੱਖ-ਵੱਖ ਵਿਭਾਗਾਂ ਪਾਸ ਉਪਲਬਧ ਥਾਵਾਂ 'ਤੇ ਲਗਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਬੂਟੇ ਵਣ ਵਿਭਾਗ ਵਲੋਂ ਸਪਲਾਈ ਕੀਤੇ ਜਾਣਗੇ ਅਤੇ ਬੂਟੇ ਲਗਾਉਣ ਦਾ ਕੰਮ ਕਰਵਾਉਣ ਦਾ ਜ਼ਿੰਮਾ ਤੇ ਉਸਦੀ ਦੇਖ-ਰੇਖ ਸੰਬੰਧਿਤ ਵਿਭਾਗ ਵਲੋਂ ਕੀਤੀ ਜਾਵੇਗੀ | ਉਨ੍ਹਾਂ ਇਸ ਮੌਕੇ ਵੱਖ-ਵੱਖ ਵਿਭਾਗਾਂ ਨੂੰ ਬੂਟਿਆਂ ਦੀ ਮੰਗ ਸਮੇਤ ਪੌਦੇ ਲਗਾਉਣ ਵਾਲੀ ਜਗ੍ਹਾ ਦਾ ਵੇਰਵਾ 10 ਦਿਨਾਂ ਦੇ ਅੰਦਰ-ਅੰਦਰ ਭੇਜਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਬੂਟੇ ਸਪਲਾਈ ਕਰਨ ਅਤੇ ਲਗਾਉਣ ਦਾ ਕੰਮ ਸਮੇਂ ਸਿਰ ਨੇਪਰੇ ਚਾੜਿ੍ਹਆ ਜਾ ਸਕੇ | ਏਡੀਸੀ ਨੇ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ ਉਪਲਬਧ ਪੰਚਾਇਤੀ ਜਮੀਨ 'ਤੇ ਜੰਗਲ ਵੀ ਲਗਾਏ ਜਾਣਗੇ, ਜਿਸ ਦੀ ਦੇਖ-ਰੇਖ ਪੰਚਾਇਤ ਵੱਲੋਂ ਕੀਤੀ ਜਾਵੇਗੀ | ਮੀਟਿੰਗ 'ਚ ਸਮੂਹ ਐਸ.ਡੀ.ਐਮਜ਼, ਵਣ ਮੰਡਲ ਅਫਸਰ ਜਲੰਧਰ ਫਿਲੌਰ ਜਰਨੈਲ ਸਿੰਘ, ਵਣ ਬਲਾਕ ਅਫਸਰ ਗੁਰਬਖਸ ਰਾਮ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |