ਜਲੰਧਰ, 12 ਮਈ (ਐੱਮ. ਐੱਸ. ਲੋਹੀਆ)-ਐੱਨ.ਐੱਚ.ਐੱਸ. ਹਸਪਤਾਲ ਵਲੋਂ ਅੰਤਰਰਾਸ਼ਟਰੀ ਨਰਸਿੰਗ ਦਿਵਸ ਬੜੇ ਉਤਸ਼ਾਹ ਅਤੇ ਭਾਵਨਾਤਮਕ ਮਾਹੌਲ 'ਚ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਐਗਜ਼ਿਕਿਊਟਿਵ ਡਾਇਰੈਕਟਰ ਡਾ. ਸੰਤੋਸ਼ ਕੇ. ਪਾਂਡੇ ਅਤੇ ਡਾਇਰੈਕਟਰ ਡਾ. ਵਿਭਾ ਚਿਤਕਾਰਾ (ਇੰਫ਼ਰਟਿਲਿਟੀ ਸਪੈਸ਼ਲਿਸਟ) ਵਲੋਂ ਦੀਪ ਜਗਾ ਕੇ ਕੀਤੀ ਗਈ | ਇਸ ਦੌਰਾਨ ਨਰਸਾਂ ਨੂੰ ਸਮਰਪਿਤ ਇਕ ਭਾਵੁਕ ਵੀਡੀਓ ਵੀ ਦਿਖਾਈ ਗਈ, ਜਿਸ ਰਾਹੀਂ ਐੱਨ.ਐੱਚ.ਐੱਸ. ਹਸਪਤਾਲ ਪਰਿਵਾਰ ਵਲੋਂ ਉਨ੍ਹਾਂ ਦੀ ਨਿਰੰਤਰ ਮਿਹਨਤ ਅਤੇ ਸੇਵਾ ਭਾਵਨਾ ਲਈ ਧੰਨਵਾਦ ਪ੍ਰਗਟ ਕੀਤਾ ਗਿਆ | ਸਮਾਗਮ ਦੌਰਾਨ ਵੱਖ-ਵੱਖ ਡਾਕਟਰਾਂ ਵਲੋਂ ਭੇਜੇ ਗਏ ਖ਼ਾਸ ਵੀਡੀਓ ਸੰਦੇਸ਼ ਵੀ ਦਿਖਾਏ ਗਏ, ਜਿਨ੍ਹਾਂ 'ਚ ਨਰਸਿੰਗ ਟੀਮ ਦੀ ਮਿਹਨਤ, ਸਮਰਪਣ ਅਤੇ ਸੇਵਾ ਦੀ ਸਰਾਹਨਾ ਕੀਤੀ ਗਈ | ਸਮਾਗਮ ਦਾ ਇਕ ਖ਼ਾਸ ਹਿੱਸਾ ''ਨਰਸਿੰਗ ਸਟੋਰੀ'' ਰਿਹਾ, ਜਿਸ 'ਚ ਨਰਸਾਂ ਨੇ ਵੀਡੀਓਜ਼ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਨਰਸਿੰਗ ਪੇਸ਼ਾ ਕਿਉਂ ਚੁਣਿਆ ਅਤੇ ਐੱਨ.ਐੱਚ.ਐੱਸ. ਹਸਪਤਾਲ ਨਾਲ ਆਪਣੇ ਅਨੁਭਵ ਸਾਂਝੇ ਕੀਤੇ | ''ਇਕ ਛੋਟਾ ਕਦਮ ਵੀ ਵੱਡਾ ਬਦਲਾਅ ਲਿਆ ਸਕਦਾ ਹੈ'' ਨਾਮਕ ਇਕ ਪ੍ਰਭਾਵਸ਼ਾਲੀ ਸਕਿਟ ਮਨੋਵਿਗਿਆਨ ਅਤੇ ਨਰਸਿੰਗ ਟੀਮ ਵਲੋਂ ਸਾਂਝੇ ਤੌਰ 'ਤੇ ਪੇਸ਼ ਕੀਤੀ ਗਈ, ਜਿਸ ਰਾਹੀਂ ਦਇਆ, ਭਾਵਨਾਤਮਕ ਸਹਿਯੋਗ ਅਤੇ ਟੀਮਵਰਕ ਦਾ ਮਹੱਤਵਪੂਰਨ ਸੰਦੇਸ਼ ਦਿੱਤਾ ਗਿਆ | ਪ੍ਰੋਗਰਾਮ 'ਚ ਨਰਸਿੰਗ ਕਵਿਜ਼ ਮੁਕਾਬਲਾ, ਐਵਾਰਡ ਸਮਾਰੋਹ ਅਤੇ ਕੇਕ ਕੱਟਣ ਦੀ ਰਸਮ ਵੀ ਸ਼ਾਮਲ ਰਹੀ | ਇਸ ਸਮਾਗਮ ਦੌਰਾਨ ਡਾ. ਵਿਭਾ ਚਿਤਕਾਰਾ, ਐਗਜ਼ਿਕਿਊਟਿਵ ਡਾਇਰੈਕਟਰ ਡਾ. ਸੰਤੋਸ਼ ਕੇ. ਪਾਂਡੇ, ਹਰਪ੍ਰੀਤ ਢੁੱਗਾ ਅਤੇ ਆਰਤੀ ਮਿੱਢਾ ਦਾ ਵਿਸ਼ੇਸ਼ ਸਹਿਯੋਗ ਰਿਹਾ |