ਜਲੰਧਰ, 20 ਮਈ (ਸ਼ੈਲੀ)- ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੂਰੇ ਪੰਜਾਬ ਅੰਦਰ ਬੱਸ ਸਟੈਂਡਾਂ ਉਪਰ 2 ਘੰੰਟੇ ਪੰਜਾਬ ਸਰਕਾਰ ਰੋਸ ਜਾਹਿਰ ਕਰਦੇ ਹੋਏ ਨਾਅਰੇਬਾਜੀ ਕੀਤੀ ਗਈ | ਇਸ ਮੌਕੇ ਜਲੰਧਰ ਬੱਸ ਸਟੈਂਡ 'ਤੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਸੂਬਾ ਚੇਅਰਮੈਨ ਬਲਵਿੰਦਰ ਸਿੰਘ ਰਾਠ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲੱਗਭਗ 4 ਸਾਲ ਤੋਂ ਵੱਧ ਸਮਾਂ ਬੀਤ ਗਿਆ, ਇੱਕ ਵੀ ਸਰਕਾਰੀ ਵਿਭਾਗ ਦੀ ਮਾਲਕੀ ਵਾਲੀ ਬੱਸ ਨਹੀਂ ਪਈ ਗਈ ਉਲਟਾ ਕਿਲੋਮੀਟਰ ਸਕੀਮ (ਪ੍ਰਾਈਵੇਟ ਬੱਸਾਂ) ਦੇ ਰਾਹੀਂ ਵਿਭਾਗਾ ਦਾ ਨਿੱਜੀਕਰਣ ਕਰਨ ਵੱਲ ਨੂੰ ਵੱਧ ਰਹੀ ਹੈ | ਸਰਕਾਰ ਯੂਨੀਅਨ ਦੇ ਵਰਕਰ ਅਤੇ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਵਿਭਾਗ ਨੂੰ ਪ੍ਰਾਈਵੇਟੇਸ਼ਨ ਵੱਲ ਨੂੰ ਵਧਾਇਆ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨਿਆਂ ਤੋਂ ਨਾਜਾਇਜ਼ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ | ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ | ਜਲੰਧਰ ਪ੍ਰਧਾਨ ਬਿਕਰਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਪੈਸ਼ਲ ਕਾਡਰ ਦੀ ਪਾਲਸੀ ਨੂੰ ਵਿਭਾਗ ਵਿੱਚ ਸੁੱਟ ਕੇ ਹੋਰ 58 ਸਾਲਾ ਕੱਚੇ ਮੁਲਾਜ਼ਮਾਂ ਦਾ ਸ਼ੋਸਣ ਕਰਨ ਵੱਲ ਨੂੰ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਕੱਚੇ ਮੁਲਾਜ਼ਮ ਸ਼ੋਸਣ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ 18 ਮਈ ਦੀ ਹੋਈ ਮੀਟਿੰਗ ਜਿਸ ਵਿਚ ਕੁਝ ਮਸਲਿਆਂ ਉਪਰ ਸਹਿਮਤੀ ਬਣੀ ਹੈ, ਨੂੰ ਪੁਖਤਾ ਹੱਲ ਨਾ ਕੀਤਾ ਅਤੇ ਜੇਲ੍ਹ ਵਿੱਚ ਬੰਦ ਸਾਥੀਆਂ ਨੂੰ ਰਿਹਾਈ ਨਾ ਦਿੱਤੀ ਤਾਂ 25,26,27 ਮਈ 2026 ਨੂੰ ਮੁਕਮਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ 'ਤੇ ਧਰਨਾ ਦਿੱਤਾ ਜਾਵੇਗਾ | ਇਸ ਸਬੰਧੀ ਯੂਨੀਅਨ ਵਲੋਂ ਪੰਜਾਬ ਦੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਹੋਰਨਾ ਤੋਂ ਇਲਾਵਾ ਡੀਪੂ ਦੇ ਦੇ ਪ੍ਰਧਾਨ ਸਤਪਾਲ ਸਿੰਘ, ਡੀਪੂ ਇਕ ਦੇ ਪ੍ਰਧਾਨ ਬਿਕਰਮ ਸਿੰਘ, ਮੀਤ ਪ੍ਰਧਾਨ ਹਰਜਿੰਦਰ ਸਿੰਘ, ਜੱਥੇਬੰਦਕ ਸਕੱਤਰ ਚਾਨਣ ਸਿੰਘ , ਡੀਪੂ ਦੋ ਦੇ ਚੇਅਰਮੈਨ ਦਲਜੀਤ ਸਿੰਘ ਅਤੇ ਹੋਰ ਵੀ ਹਾਜ਼ਿਰ ਸਨ |