ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ, ਮਰੀਜ਼ਾਂ ਕੋਲੋਂ ਮਿਲ ਰਹੀਆਂ ਸੇਵਾਵਾਂ ਬਾਰੇ ਪੁੱਛਿਆ
ਅਜੀਤ ਡੈਸਕ
22-05-2026
ਜਲੰਧਰ, 21 ਮਈ (ਜਤਿੰਦਰ ਪੰਮੀ)-ਪਿਛਲੇ ਦਿਨਾਂ ਦੌਰਾਨ ਪੈ ਰਹੀ ਅੱਤ ਦੀ ਗਰਮੀ ਤੇ 'ਹੀਟ ਵੇਵ' ਦੇ ਮੱਦੇਨਜ਼ਰ ਬੀਤੇ ਦਿਨ ਡਿਪਟੀ ਕਮਿਸ਼ਨਰ ਵਲੋਂ ਲੂ ਲੱਗਣ ਦੇ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੀਆਂ ਸਿਹਤ ਵਿਭਾਗ ਨੂੰ ਦਿੱਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਸਿਵਲ ਸਰਜਨ ਡਾ. ਰਾਜੇਸ਼ ਗਰਗ ਵਲੋਂ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਤੇ ਸਿਹਤ ਵਿਭਾਗ ਅਧਿਕਾਰੀਆਂ ਨਾਲ ਵੀਰਵਾਰ ਨੂੰ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਇਸ ਦੌਰਾਨ ਸਿਵਲ ਸਰਜਨ ਵਲੋਂ ਗਰਮੀ ਤੇ ਲੂ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਦੇ ਟਰਾਮਾ ਵਾਰਡ ਤੇ ਵਿਸ਼ੇਸ਼ ਤੌਰ 'ਤੇ ਸਥਾਪਿਤ ਕੀਤੇ ਗਏ 'ਸਪੈਸ਼ਲ ਹੀਟ ਸਟ੍ਰੋਕ ਵਾਰਡ' ਵਿੱਚ ਕੀਤੇ ਗਏ ਪ੍ਰਬੰਧਾਂ ਅਤੇ ਤਿਆਰੀਆਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ | ਸਿਵਲ ਸਰਜਨ ਡਾ. ਰਾਜੇਸ ਗਰਗ ਅਤੇ ਸਮੂਹ ਅਧਿਕਾਰੀਆਂ ਨੇ ਮੈਡੀਕਲ ਵਾਰਡ ਤੇ ਸਰਜੀਕਲ ਵਾਰਡਾਂ ਦਾ ਦੌਰਾ ਕਰਕੇ ਉੱਥੇ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਨਾਲ ਮੁਲਾਕਾਤ ਕੀਤੀ ਅਤੇ ਹਸਪਤਾਲ ਵੱਲੋਂ ਮਿਲ ਰਹੀਆਂ ਸਿਹਤ ਸਹੂਲਤਾਂ ਤੇ ਮੁਫਤ ਦਵਾਈਆਂ ਸਬੰਧੀ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਨੇ ਵਾਰਡਾਂ ਵਿੱਚ ਲੱਗੇ ਏ.ਸੀ., ਕੂਲਰਾਂ ਅਤੇ ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ | ਮਰੀਜ਼ਾਂ ਦੀ ਸਹੂਲਤ ਲਈ ਲੋੜੀਂਦੀਆਂ ਦਵਾਈਆਂ, ਓ. ਆਰ. ਐਸ., ਐਮਰਜੈਂਸੀ ਕੂਲਿੰਗ ਸਹੂਲਤਾਂ ਪੂਰੀ ਤਰ੍ਹਾਂ ਮੁਕੰਮਲ ਹਨ ਅਤੇ ਹੋਰ ਜ਼ਰੂਰੀ ਲੋੜੀਂਦੇ ਪ੍ਰਬੰਧਾਂ ਦੇ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਨਿੰਦਰ ਰਿਆੜ, ਡਾ. ਅਭਿਨਵ ਸ਼ੂਰ, ਡਾ. ਵਰਿੰਦਰ ਕੌਰ ਥਿੰਦ ਅਤੇ ਡਿਪਟੀ ਮਾਸ ਮੀਡੀਆ ਅਫਸਰ ਅਸੀਮ ਸ਼ਰਮਾ ਮੌਜੂਦ ਸਨ |